ਜਨਤਕ ਬਾਥਰੂਮ ਦੇ ਯੂਜ਼ਰ ਚਾਰਜ ਤੋਂ ਮਿਲੇਗੀ ਛੋਟ, ਨਗਰ ਨਿਗਮ ਨੂੰ ਵੀ ਹੋਵੇਗਾ ਲਾਭ

02/05/2020 2:53:31 PM

ਲੁਧਿਆਣਾ (ਹਿਤੇਸ਼) : ਮਹਾਂਨਗਰ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਜਨਤਕ ਬਾਥਰੂਮਾਂ ਦੀ ਵਰਤੋਂ ਕਰਨ 'ਤੇ ਲੱਗਣ ਵਾਲੇ ਯੂਜ਼ਰ ਚਾਰਜ ਤੋਂ ਛੋਟ ਮਿਲ ਸਕਦੀ ਹੈ, ਜਿਸ ਦੇ ਤਹਿਤ ਨਗਰ ਨਿਗਮ ਵਲੋਂ ਸੁਲਭ ਦੀ ਬਜਾਏ ਨਵੀਂ ਕੰਪਨੀ ਨੂੰ ਆਪ੍ਰੇਸ਼ਨ ਐਂਡ ਮੇਨਟੀਨੈਂਸ ਦਾ ਕੰਮ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ 'ਚ 'ਜਗਬਾਣੀ' ਵਲੋਂ ਖੁਲਾਸਾ ਕੀਤਾ ਗਿਆ ਸੀ ਕਿ ਸਮਾਰਟ ਸਿਟੀ ਮਿਸ਼ਨ ਦੇ ਫੰਡ ਨਾਲ ਬਣਾਏ ਗਏ ਜਨਤਕ ਬਾਥਰੂਮਾਂ ਦੇ ਆਪ੍ਰੇਸ਼ਨ ਐਂਡ ਮੇਨਟੀਨੈਂਸ 'ਤੇ ਆਉਣ ਵਾਲੇ ਕਰੀਬ 3 ਕਰੋੜ ਨੂੰ ਬਚਾਉਣ ਲਈ ਨਗਰ ਨਿਗਮ ਵਲੋਂ ਇਹ ਕੰਮ ਸੁਲਭ ਇੰਟਰਨੈਸ਼ਨਲ ਨੂੰ ਦੇ ਦਿੱਤਾ ਗਿਆ ਹੈ ਪਰ ਇਸ ਕੰਪਨੀ ਵਲੋਂ ਜਨਤਕ ਬਾਥਰੂਮਾਂ ਦਾ ਪ੍ਰਯੋਗ ਕਰਨ ਦੇ ਲਈ ਲੋਕਾਂ ਤੋਂ ਯੂਜ਼ਰ ਚਾਰਜ ਦੀ ਵਸੂਲੀ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਦੌਰਾਨ ਰੇਲਵੇ ਸਟੇਸ਼ਨ 'ਤੇ ਜਨਤਕ ਬਾਥਰੂਮਾਂ ਦਾ ਸੰਚਾਲਨ ਕਰਨ ਵਾਲੀ ਇਕ ਕੰਪਨੀ ਨੇ ਮੇਅਰ ਨੂੰ ਮਿਲ ਕੇ ਨਗਰ ਨਿਗਮ ਦੇ ਜਨਤਕ ਬਾਥਰੂਮਾਂ ਦੀ ਆਪ੍ਰੇਸ਼ਨ ਐਂਡ ਮੇਨਟੀਨੈਂਸ ਕਰਨ ਦੀ ਪੇਸ਼ਕਸ਼ ਕੀਤੀ ਹੈ, ਜੋ ਕੰਪਨੀ ਕੁਝ ਚੋਣਵੇਂ ਜਨਤਕ ਬਾਥਰੂਮਾਂ ਦਾ ਪ੍ਰਯੋਗ ਕਰਨ ਵਾਲੇ ਲੋਕਾਂ ਤੋਂ ਯੂਜ਼ਰ ਚਾਰਜ ਲਵੇਗੀ ਅਤੇ ਬਾਕੀ ਪੁਆਇੰਟ 'ਤੇ ਮੁਫਤ ਸੁਵਿਧਾ ਦਿੱਤੀ ਜਾਵੇਗੀ। ਇਸ ਕੰਪਨੀ ਵਲੋਂ ਨਗਰ ਨਿਗਮ ਨੂੰ ਬਿਜਲੀ ਦੇ ਬਿੱਲ ਦੇ ਨਾਲ ਫਿਕਸ ਰੈਵੇਨਿਊ ਦੇਣ ਦੀ ਗੱਲ ਵੀ ਕਹੀ ਗਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਮੇਅਰ ਬਲਕਾਰ ਸੰਧੂ ਨੇ ਕਿਹਾ ਹੈ ਕਿ ਨਵੀਂ ਕੰਪਨੀ ਵਲੋਂ ਜਨਤਕ ਬਾਥਰੂਮ ਦੇ ਇਨਫਰਾਸਟਰੱਕਚਰ ਨੂੰ ਕੋਈ ਨੁਕਸਾਨ ਨਾ ਹੋਣ ਦੀ ਗਾਰੰਟੀ ਵੀ ਦਿੱਤੀ ਜਾਵੇਗੀ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਕੰਪਨੀ ਨੂੰ ਟਰਾਇਲ ਦੇ ਆਧਾਰ 'ਤੇ ਕੰਮ ਦੇਣ ਦੀ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।


Babita

Content Editor

Related News