ਪੰਜਾਬ ਸਰਕਾਰ ਵਲੋਂ ਜਨਤਕ ਵੰਡ ਪ੍ਰਣਾਲੀ ''ਚ ਕ੍ਰਾਂਤੀਕਾਰੀ ਤਬਦੀਲੀ

Friday, Jul 06, 2018 - 07:15 AM (IST)

ਮੋਹਾਲੀ(ਨਿਆਮੀਆਂ) - ਜਨਤਕ ਵੰਡ ਪ੍ਰਣਾਲੀ ਨੂੰ ਕਾਰਗਰ ਤੇ ਇਸ ਵਿਚ ਹੋਰ ਪਾਰਦਰਸ਼ਿਤਾ ਲਿਆਉਣ ਲਈ ਕ੍ਰਾਂਤੀਕਾਰੀ ਕਦਮ ਪੁੱਟਦਿਆਂ ਪੰਜਾਬ ਸਰਕਾਰ ਵਲੋਂ ਇਥੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਈ-ਪੋਸ ਮਸ਼ੀਨਾਂ ਰਾਹੀਂ ਰਾਸ਼ਨ ਵੰਡਣ ਦੀ ਸ਼ੁਰੂਆਤ ਕੀਤੀ ਗਈ ਤੇ 16 ਹਜ਼ਾਰ ਡਿਪੂ ਹੋਲਡਰਾਂ ਨੂੰ ਵਧੇ ਹੋਏ ਕਮਿਸ਼ਨ/ਮਾਰਜਨ ਮਨੀ ਦੇ 40 ਕਰੋੜ ਰੁਪਏ ਦੇ ਚੈੱਕ ਵੰਡਣ ਦੀ ਸ਼ੁਰੂਆਤ ਵੀ ਕੁਝ ਡਿਪੂ ਹੋਲਡਰਾਂ ਨੂੰ ਚੈੱਕ ਵੰਡ ਕੇ ਕੀਤੀ ਗਈ।
ਇਸ ਸਬੰਧੀ ਕਿਸਾਨ ਵਿਕਾਸ ਚੈਂਬਰ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਬਾਇਓਮੀਟ੍ਰਿਕ ਆਧਾਰਿਤ ਇਹ ਮਸ਼ੀਨਾਂ ਰਾਸ਼ਨ ਵੰਡਣ ਦੀ ਪੁਰਾਣੀ ਪ੍ਰਣਾਲੀ ਵਿਚਲੀਆਂ ਕਮੀਆਂ ਤੇ ਜਾਅਲੀ ਲਾਭਪਾਤਰੀਆਂ ਨੂੰ ਹਟਾਉਣ ਵਿਚ ਸਹਾਈ ਸਿੱਧ ਹੋਣਗੀਆਂ।  
ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਡਿਪੂ ਹੋਲਡਰਾਂ/ਫੇਅਰ ਪ੍ਰਾਈਜ਼ ਸ਼ਾਪ (ਐੱਫ. ਪੀ. ਐੱਸ.) ਮਾਲਕਾਂ ਦਾ ਕਮਿਸ਼ਨ/ਮਾਰਜਨ ਮਨੀ 25 ਰੁਪਏ ਪ੍ਰਤੀ ਕੁਇੰਟਲ ਤੋਂ 50 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।  
ਸਮਾਗਮ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਕਿ ਕਾਂਗਰਸ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਡਿਪੂ ਹੋਲਡਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਕਣਕ ਦੇ ਨਾਲ-ਨਾਲ ਸਸਤੀ ਚਾਹ ਪੱਤੀ, ਖੰਡ ਤੇ ਦਾਲਾਂ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਨੂੰ ਵੀ ਬਹੁਤ ਛੇਤੀ ਅਮਲੀ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਬਿਜਲੀ ਮੰਤਰੀ ਪੰਜਾਬ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਮਿਸ਼ਨ/ਮਾਰਜਨ ਮਨੀ ਵਿਚ ਵਾਧੇ ਦੇ ਨਾਲ-ਨਾਲ ਡਿਪੂ ਹੋਲਡਰਾਂ ਦੀ ਜ਼ਿੰਮੇਵਾਰੀ ਵੀ ਵਧੀ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਸਰਕਾਰ ਵਲੋਂ ਡਿਪੂ ਹੋਲਡਰਾਂ ਨੂੰ 40 ਕਰੋੜ ਰੁਪਏ ਦੇ ਚੈੱਕ ਵੰਡਣ ਦੀ ਸ਼ੁਰੂਆਤ, ਇਸ ਦਾ ਸਬੂਤ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਭਲੀ-ਭਾਂਤ ਜਾਣਦੇ ਹਨ।
ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ, ਖ਼ੁਰਾਕ ਤੇ ਸਿਵਲ ਸਪਲਾਈਜ਼ ਕੇ. ਏ. ਪੀ. ਸਿਨਹਾ ਨੇ ਵੀ ਸੰਬੋਧਨ ਕੀਤਾ।
ਸਮਾਗਮ ਵਿਚ ਕੁਲਜੀਤ ਸਿੰਘ ਨਾਗਰਾ, ਗੁਰਪ੍ਰੀਤ ਸਿੰਘ ਜੀ. ਪੀ., ਅੰਗਦ ਸਿੰਘ (ਤਿੰਨੋਂ ਵਿਧਾਇਕ), ਪੰਜਾਬ ਸਟੇਟ ਕੰਜ਼ਿਊਮਰ ਡਿਸਪਿਊਟ ਰੀਡਰੈਸਲ ਕਮਿਸ਼ਨ ਦੇ ਪ੍ਰਧਾਨ ਸੇਵਾ ਮੁਕਤ ਜਸਟਿਸ ਪਰਮਜੀਤ ਸਿੰਘ ਧਾਲੀਵਾਲ, ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੀ ਡਾਇਰੈਕਟਰ ਆਨੰਦਿਤਾ ਮਿੱਤਰਾ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਤੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਸਮੇਤ ਹੋਰ ਪਤਵੰਤੇ ਤੇ ਵੱਡੀ ਗਿਣਤੀ 'ਚ ਡਿਪੂ ਹੋਲਡਰ ਤੇ ਸਮਾਰਟ ਰਾਸ਼ਨ ਕਾਰਡ ਸਕੀਮ ਦੇ ਲਾਭਪਾਤਰੀ ਵੀ ਮੌਜੂਦ ਸਨ।


Related News