ਪਬਲਿਕ ਨੇ ਫੜਵਾਇਆ ਚੋਰ, ਵਾਹ-ਵਾਹੀ ਲੁੱਟਣ ਲਈ ਪੁਲਸ ਨੇ ਦਿਖਾਈ ਗ੍ਰਿਫ਼ਤਾਰੀ

Saturday, May 20, 2023 - 10:40 AM (IST)

ਪਬਲਿਕ ਨੇ ਫੜਵਾਇਆ ਚੋਰ, ਵਾਹ-ਵਾਹੀ ਲੁੱਟਣ ਲਈ ਪੁਲਸ ਨੇ ਦਿਖਾਈ ਗ੍ਰਿਫ਼ਤਾਰੀ

ਲੁਧਿਆਣਾ(ਜ.ਬ.) : ਫੋਕਲ ਪੁਆਇੰਟ ਇਲਾਕੇ ’ਚ ਪਿਛਲੇ ਕਈ ਦਿਨਾਂ ਤੋਂ ਸਿਰਦਰਦੀ ਬਣੇ ਈ-ਰਿਕਸ਼ਾ ਬੈਟਰੀ ਚੋਰਾਂ ਨੂੰ ਆਖ਼ਰ ਪਬਲਿਕ ਨੇ ਫੜ੍ਹ ਲਿਆ ਪਰ ਪੁਲਸ ਨੇ ਆਪਣੀ ਪਿੱਠ ਥਾਪੜਣ ਲਈ ਖ਼ੁਦ ਕੀਤੀ ਗ੍ਰਿਫ਼ਤਾਰੀ ਦਿਖਾ ਦਿੱਤੀ। ਹਾਲਾਂਕਿ ਅਜੇ ਮੁਲਜ਼ਮ ਦੇ ਸਾਥੀ ਸਾਰੇ ਫ਼ਰਾਰ ਹਨ। ਫੜ੍ਹਿਆ ਗਿਆ ਮੁਲਜ਼ਮ ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਹੈ, ਜੋ ਇੱਟਾਂ ਵਾਲਾ ਚੌਂਕ, ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ’ਚੋਂ ਚੋਰੀਸ਼ੁਦਾ 4 ਬੈਟਰੀਆਂ ਅਤੇ ਵਾਰਦਾਤ ’ਚ ਵਰਤੀ ਇਕ ਕਾਰ ਬਰਾਮਦ ਹੋਈ ਹੈ, ਜਦੋਂ ਕਿ ਉਸ ਦਾ ਫ਼ਰਾਰ ਸਾਥੀ ਸੰਦੀਪ ਹੈ। ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਸਲ ’ਚ ਫੋਕਲ ਪੁਆਇੰਟ ਇਲਾਕੇ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਈ-ਰਿਕਸ਼ਾ ਬੈਟਰੀ ਚੋਰ ਸਰਗਰਮ ਸੀ, ਜੋ ਲਗਾਤਾਰ ਵਾਰਦਾਤਾਂ ਕਰ ਰਿਹਾ ਸੀ।

ਇਹ ਵੀ ਪੜ੍ਹੋ : ਜੇਲ੍ਹ 'ਚ ਹਵਾਲਾਤੀ ਪੁੱਤ ਨੂੰ ਹੈਰੋਇਨ ਦੇਣ ਪੁੱਜਾ ਪਿਓ, ਪੁਲਸ ਨੇ ਲਈ ਤਲਾਸ਼ੀ ਤਾਂ...

ਇਲਾਕੇ ਤੋਂ ਮੁਲਜ਼ਮਾਂ ਨੇ ਅੱਧਾ ਦਰਜਨ ਤੋਂ ਵੱਧ ਲੋਕਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਸਨ। ਈ-ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਲੋਕ ਬੈਟਰੀਆਂ ਚੋਰੀ ਹੋਣ ਤੋਂ ਬਾਅਦ ਥਾਣੇ ਦੇ ਗੇੜੇ ਕੱਢ-ਕੱਢ ਕੇ ਥੱਕ ਗਏ ਸਨ। ਬੁੱਧਵਾਰ ਰਾਤ ਨੂੰ ਫਿਰ ਮੁਲਜ਼ਮਾਂ ਨੇ ਸ਼ਿਵ ਕੁਮਾਰ ਦੇ ਘਰ ਦੇ ਬਾਹਰ ਖੜ੍ਹੇ ਈ-ਰਿਕਸ਼ਾ ’ਚੋਂ ਬੈਟਰੀਆਂ ਖੋਲ੍ਹ ਲਈਆਂ ਸਨ ਪਰ ਜਦੋਂ ਉਹ ਭੱਜਣ ਲੱਗਾ ਤਾਂ ਸ਼ਿਵ ਕੁਮਾਰ ਨੂੰ ਪਤਾ ਲੱਗ ਗਿਆ ਅਤੇ ਉਸ ਨੇ ਰੌਲਾ ਪਾ ਦਿੱਤਾ। ਉਸ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਉੱਠ ਗਏ ਅਤੇ ਉਨ੍ਹਾਂ ਨੇ ਇਕ ਮੁਲਜ਼ਮ ਨੂੰ ਮੌਕੇ ’ਤੇ ਹੀ ਦਬੋਚ ਲਿਆ, ਜਦੋਂਕਿ ਦੂਜਾ ਮੁਲਜ਼ਮ ਭੱਜ ਨਿਕਲਿਆ। ਲੋਕਾਂ ’ਚ ਇੰਨਾ ਗੁੱਸਾ ਸੀ ਕਿ ਉਨ੍ਹਾਂ ਨੇ ਮੁਲਜ਼ਮ ਦੀ ਮੌਕੇ ’ਤੇ ਹੀ ਛਿੱਤਰ-ਪਰੇਡ ਕੀਤੀ।

ਇਹ ਵੀ ਪੜ੍ਹੋ : ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...

ਫਿਰ ਮੁਲਜ਼ਮ ਨੂੰ ਪੁਲਸ ਹਵਾਲੇ ਕਰ ਦਿੱਤਾ ਪਰ ਅਗਲੇ ਦਿਨ ਜਦੋਂ ਪੁਲਸ ਕਾਰਵਾਈ ਨਹੀਂ ਕਰ ਰਹੀ ਸੀ ਅਤੇ ਉਲਟਾ ਕੁੱਟ-ਮਾਰ ਦੇ ਦੋਸ਼ ’ਚ ਸ਼ਿਕਾਇਤਕਰਤਾ ਅਤੇ ਉਸ ਦੇ ਸਾਥੀਆਂ ’ਤੇ ਕੇਸ ਦਰਜ ਕਰਨ ਦੀ ਧਮਕੀ ਦੇ ਰਹੀ ਸੀ ਤਾਂ ਲੋਕਾਂ ਨੇ ਇਕੱਠੇ ਹੋ ਕੇ ਥਾਣਾ ਫੋਕਲ ਪੁਆਇੰਟ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਦਿੱਤਾ। ਇਸ ਤੋਂ ਬਾਅਦ ਜਾ ਕੇ ਉਨ੍ਹਾਂ ਦੀ ਸੁਣਵਾਈ ਹੋਈ ਸੀ ਅਤੇ ਪੁਲਸ ਨੇ ਮੁਲਜ਼ਮ ’ਤੇ ਕੇਸ ਦਰਜ ਕਰ ਲਿਆ ਸੀ ਪਰ ਜਦੋਂ ਗੱਲ ਵਾਹ-ਵਾਹੀ ਲੁੱਟਣ ਦੀ ਹੁੰਦੀ ਹੈ ਤਾਂ ਪੁਲਸ ਕੋਈ ਮੌਕਾ ਨਹੀਂ ਛੱਡਦੀ। ਅਜਿਹਾ ਹੀ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਕੀਤਾ। ਪਬਲਿਕ ਵਲੋਂ ਫੜਵਾਏ ਮੁਲਜ਼ਮ ਨੂੰ ਖ਼ੁਦ ਜਾਂਚ ਰਾਹੀਂ ਫੜ੍ਹਿਆ ਕਹਿ ਕੇ ਪੁਲਸ ਨੇ ਵਾਹ-ਵਾਹੀ ਲੁੱਟ ਲਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News