''ਪੰਜਾਬ ਯੂਨੀਵਰਸਿਟੀ'' ''ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਮੁਲਤਵੀ ਹੋ ਸਕਦੀਆਂ ਨੇ ਪ੍ਰੀਖਿਆਵਾਂ

Thursday, Dec 16, 2021 - 09:37 AM (IST)

ਚੰਡੀਗੜ੍ਹ (ਰਸ਼ਮੀ) : ਅਧਿਆਪਕਾਂ ਦੇ ਧਰਨੇ ਕਾਰਨ ਪੰਜਾਬ ਯੂਨੀਵਰਸਿਟੀ ਦਸੰਬਰ ਦੀਆਂ ਪ੍ਰੀਖਿਆਵਾਂ ਫਿਲਹਾਲ ਮੁਲਤਵੀ ਕਰ ਸਕਦੀ ਹੈ। ਅਧਿਆਪਕ ਯੂਨੀਅਨ ਵੱਲੋਂ ਇਸ ਸਮੇਂ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ 15 ਹਜ਼ਾਰ ਅਧਿਆਪਕ ਜੁੜੇ ਹਨ, ਜੋ ਸਿੱਖਿਆ ਬੰਦ ਦੀ ਕਾਲ ’ਤੇ ਚੱਲ ਰਹੇ ਹਨ ਅਤੇ ਯੂ. ਜੀ. ਸੀ. ਡੀ.-ਲਿੰਕ ਅਤੇ ਯੂ. ਜੀ. ਸੀ. 7ਵੇਂ ਪੇਅ ਕਮਿਸ਼ਨ ਸਬੰਧੀ ਲਗਾਤਾਰ ਹੜਤਾਲ ਕਰ ਰਹੇ ਹਨ। ਸ਼ਹਿਰ ਅਤੇ ਪੰਜਾਬ ਵਿਚ ਰੋਜ਼ਾਨਾ ਧਰਨੇ-ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ ਵਿਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਹੋਣੀਆਂ ਸੰਭਵ ਨਹੀਂ ਹਨ।

ਇਹ ਵੀ ਪੜ੍ਹੋ :  ਅੱਜ ਦਿਨ ਭਰ ਲੁਧਿਆਣਾ 'ਚ ਮੰਡਰਾਵੇਗਾ CM ਚੰਨੀ ਦਾ ਹੈਲੀਕਾਪਟਰ, ਜਾਣੋ ਸਾਰੇ ਪ੍ਰੋਗਰਾਮਾਂ ਦਾ ਵੇਰਵਾ

ਜਾਣਕਾਰੀ ਹੈ ਕਿ ਹੁਣ ਅਧਿਆਪਕਾਂ ਦਾ ਰੋਸ ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਹੀ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ। ਦੱਸਣਯੋਗ ਹੈ ਕਿ 17 ਦਸੰਬਰ ਤੋਂ ਸਮੈਸਟਰ ਦੀਆਂ ਪ੍ਰੈਕੀਟਕਲ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਤੈਅ ਹਨ ਪਰ ਜਦੋਂ ਅਧਿਆਪਕ ਹੀ ਧਰਨੇ ’ਤੇ ਹਨ ਤਾਂ ਅਜਿਹੇ ਵਿਚ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕੌਣ ਲਵੇਗਾ? ਅਧਿਆਪਕਾਂ ਦੇ ਧਰਨੇ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜੀ. ਐੱਨ. ਯੂ., ਅੰਮ੍ਰਿਤਸਰ ਵਿਚ ਵੀ ਪ੍ਰੀਖਿਆਵਾਂ ਮੁਲਤਵੀ ਹੋ ਚੁੱਕੀਆਂ ਹਨ। ਪੀ. ਯੂ. ਮੈਨੇਜਮੈਂਟ ਵੀਰਵਾਰ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਸੂਚਨਾ ਜਾਰੀ ਕਰ ਸਕਦੀ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਟਰਾਲੇ 'ਤੇ ਲੱਦ ਕੇ ਲਿਆਂਦੀ 'ਝੌਂਪੜੀ' ਨੇ ਕੀਲੇ ਲੋਕ, ਖੜ੍ਹ-ਖੜ੍ਹ ਲੈਣ ਲੱਗੇ ਸੈਲਫ਼ੀਆਂ (ਤਸਵੀਰਾਂ)
ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਵੀ ਬੰਦ
ਜਾਣਕਾਰੀ ਹੈ ਕਿ ਇਸ ਸਮੇਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਵੀ 1 ਦਸੰਬਰ ਤੋਂ ਬੰਦ ਹਨ। ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਵਿਦਿਆਰਥੀਆਂ ਦੀ ਪੜ੍ਹਾਈ ਵੀ ਨਹੀਂ ਹੋ ਰਹੀ ਹੈ। ਪ੍ਰੀਖਿਆਵਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਵਿਦਿਆਰਥੀਆਂ ਦੀਆਂ ਕਲਾਸਾਂ ਨਾ ਲੱਗਣ ਕਾਰਨ ਉਨ੍ਹਾਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਂਝ ਵੀ ਵਿਦਿਆਰਥੀਆਂ ਦੀਆਂ ਰੈਗੂਲਰ ਕਲਾਸਾਂ ਨਹੀਂ ਲੱਗੀਆਂ ਹਨ। ਉਨ੍ਹਾਂ ਦੀ ਜੋ ਆਨਲਾਈਨ ਕਲਾਸਾਂ ਵਿਚ ਪੜ੍ਹਾਈ ਹੋ ਰਹੀ ਸੀ, ਉਹ ਵੀ ਪੂਰੀ ਤਰ੍ਹਾਂ ਠੱਪ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ।
ਅਗਲੇ ਸਮੈਸਟਰ ਦੀ ਪੜ੍ਹਾਈ ’ਚ ਹੋ ਸਕਦੀ ਹੈ ਦੇਰੀ
ਦਸੰਬਰ ਦੀਆਂ ਪ੍ਰੀਖਿਆਵਾਂ ਵਿਚ ਜਿੰਨੀ ਦੇਰੀ ਹੋਵੇਗੀ, ਉਨੀ ਹੀ ਦੇਰੀ ਨਾਲ ਅਗਲੇ ਸਮੈਸਟਰ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਸਕਣਗੀਆਂ। ਦੱਸਣਯੋਗ ਹੈ ਕਿ ਕਿ ਪੀ. ਯੂ. ਵਿਚ ਅਜੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਹੀ ਕਲਾਸਾਂ ਸ਼ੁਰੂ ਹੋ ਸਕੀਆਂ ਹਨ, ਜਦੋਂ ਕਿ ਸਮੈਸਟਰ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਹੀ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News