ਸਿੱਖਿਆ ਮੰਤਰੀ ਦਾ ਘਿਰਾਓ ਕਰਨ ਪਹੁੰਚੇ ਪੀ. ਟੀ. ਆਈ. ਅਧਿਆਪਕ ਪੁਲਸ ਨੇ ਕੀਤੇ ਨਜ਼ਰਬੰਦ
Tuesday, Aug 31, 2021 - 08:17 PM (IST)
ਭਵਾਨੀਗੜ੍ਹ (ਵਿਕਾਸ) : ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਘਿਰਾਓ ਕਰਨ ਲਈ ਮੰਗਲਵਾਰ ਨੂੰ ਬੇਰੁਜ਼ਗਾਰ ਪੀ. ਟੀ. ਆਈ. (Physical Training Instructor) ਅਧਿਆਪਕ ਵੀ ਭੱਟੀਵਾਲ ਕਲਾਂ ਪਿੰਡ ਆ ਪਹੁੰਚੇ। ਹਾਲਾਂਕਿ ਘਿਰਾਓ ਤੋਂ ਪਹਿਲਾਂ ਹੀ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰਕੇ ਸਿੱਖਿਆ ਮੰਤਰੀ ਦੇ ਸਮਾਗਮ ਦੇ ਬਾਹਰ ਪੁਲਸ ਵੈਨ ਵਿੱਚ ਕਈ ਘੰਟੇ ਨਜ਼ਰਬੰਦ ਕਰਕੇ ਰੱਖਿਆ। ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਜਾਹਿਰ ਕੀਤਾ ਕਿ ਪੀ. ਟੀ. ਆਈ. ਅਧਿਆਪਕਾਂ ਦੀਆਂ ਨਵੀਆਂ ਪੋਸਟਾਂ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਅਣਗਿਣਤ ਪੈਨਲ ਮੀਟਿੰਗਾ ਹੋ ਚੁੱਕੀਆਂ ਹਨ ਪਰ ਅੱਜ ਤੱਕ ਉਨ੍ਹਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੀ. ਟੀ. ਆਈ. ਅਧਿਆਪਕਾਂ ਦੀਆਂ ਨਵੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾਂਦਾ, ਉਨ੍ਹਾਂ ਵਲੋਂ ਲਗਾਤਾਰ ਇਸੇ ਤਰ੍ਹਾਂ ਹੀ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੇ ਫੈਸਲੇ ਦੀ ਢੀਂਡਸਾ ਨੇ ਕੀਤੀ ਆਲੋਚਨਾ
ਕੀ ਹਨ ਮੁੱਖ ਮੰਗਾਂ
> ਪੀ. ਟੀ. ਆਈ. ਅਧਿਆਪਕਾਂ ਦੀਆਂ 5 ਹਜ਼ਾਰ ਨਵੀਆਂ ਪੋਸਟਾਂ ਕੱਢੀਆਂ ਜਾਣ।
> ਪੀ. ਟੀ. ਆਈ. ਅਧਿਆਪਕਾਂ ਨੂੰ ਪ੍ਰਾਇਮਰੀ ਪੱਧਰ ਤੋਂ ਲੈ ਕੇ ਮਿਡਲ ਪੱਧਰ ਤੱਕ ਨਿਯੁਕਤ ਕੀਤਾ ਜਾਵੇ।
> ਨਵੀਂ ਭਰਤੀ ਦਾ ਇਸ਼ਤਿਹਾਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ।
> ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਪ੍ਰਾਇਮਰੀ ਸਕੂਲ ਤੋਂ ਲੈ ਕੇ ਹਰੇਕ ਜਮਾਤ ਲਈ ਲਾਜ਼ਮੀ ਕੀਤਾ ਜਾਵੇ।
> ਸਰੀਰਕ ਸਿੱਖਿਆ ਅਧਿਆਪਕਾਂ ਦੀ ਭਰਤੀ ਕਰਕੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਆਦਿ।
ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਦੇ ਨਾਂ ’ਤੇ ਲੋਕਾਂ ਦੀ ਖੱਜਲ ਖੁਆਰੀ, ਪੇਪਰ ਦੇਣ ਜਾ ਰਹੇ ਮੁੰਡੇ-ਕੁੜੀਆਂ ਨੂੰ ਵੀ ਨਾ ਜਾਣ ਦਿੱਤਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ