ਪੀ. ਐੱਸ. ਟੀ. ਈ. ਟੀ. ਦੇਣਗੇ 16,000 ਪ੍ਰੀਖਿਆਰਥੀ, ਤੀਜੀ ਅੱਖ ਰੱਖੇਗੀ ਨਜ਼ਰ

Tuesday, Feb 13, 2018 - 03:22 PM (IST)

ਪੀ. ਐੱਸ. ਟੀ. ਈ. ਟੀ. ਦੇਣਗੇ 16,000 ਪ੍ਰੀਖਿਆਰਥੀ, ਤੀਜੀ ਅੱਖ ਰੱਖੇਗੀ ਨਜ਼ਰ

ਲੁਧਿਆਣਾ (ਵਿੱਕੀ) : 24 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਨਾ ਕੇਵਲ ਉਮੀਦਵਾਰਾਂ ਲਈ ਕਿਸੇ ਚੁਣੌਤੀ ਤੋਂ ਘੱਟ ਹਨ, ਬਲਕਿ ਉਨ੍ਹਾਂ ਕੈਂਡੀਡੇਟਾਂ ਲਈ ਵੀ ਕਿਸੇ ਮੁਸੀਬਤ ਤੋਂ ਘੱਟ ਨਹੀਂ ਹਨ, ਜੋ ਇਨ੍ਹਾਂ ਚੋਣਾਂ ਦੇ ਅਗਲੇ ਹੀ ਦਿਨ ਹੋਣ ਵਾਲੀ ਪੀ. ਐੱਸ. ਟੀ. ਈ. ਟੀ. ਵਿਚ ਹਿੱਸਾ ਲੈਣ ਦੀ ਤਿਆਰੀ ਕਰ ਰਹੇ ਹਨ। ਲੁਧਿਆਣਾ ਦੀ ਗੱਲ ਕਰੀਏ ਤਾਂ ਨਗਰ ਨਿਗਮ ਚੋਣਾਂ ਦੇ ਅਗਲੇ ਦਿਨ 25 ਫਰਵਰੀ ਨੂੰ ਐੱਸ. ਸੀ. ਈ. ਆਰ. ਟੀ. ਨੇ ਪੀ. ਐੱਸ. ਟੀ. ਈ. ਟੀ. ਰੱਖ ਦਿੱਤਾ ਹੈ। ਇਸ ਲਈ ਰਾਜ ਭਰ 'ਚ ਪ੍ਰੀਖਿਆ ਕੇਂਦਰ ਬਣਾਏ ਜਾ ਰਹੇ ਹਨ ਪਰ ਲੁਧਿਆਣਾ 'ਚ ਪ੍ਰੀਖਿਆ ਦੇਣ ਵਾਲੇ ਕੈਂਡੀਡੇਟਾਂ ਲਈ ਮੁਸੀਬਤ ਇਸ ਗੱਲ ਦੀ ਹੈ ਕਿ ਨਿਗਮ ਚੋਣ ਕਾਰਨ ਉਨ੍ਹਾਂ ਨੂੰ ਪ੍ਰੀਖਿਆ ਦੇਣ ਸ਼ਹਿਰ ਤੋਂ ਬਾਹਰ ਦੇ ਪ੍ਰੀਖਿਆ ਕੇਂਦਰਾਂ 'ਚ ਜਾਣਾ ਪਵੇਗਾ, ਕਿਉਂਕਿ ਚੋਣਾਂ ਕਾਰਨ ਜਿੱਥੇ ਵੋਟ ਪਾਉਣ ਲਈ ਕੇਂਦਰ ਬਣਾਏ ਗਏ ਹਨ, ਉਥੇ ਵੋਟ ਪੇਟੀਆਂ ਰੱਖੀਆਂ ਹੋਣ ਕਾਰਨ ਪ੍ਰੀਖਿਆ ਕੇਂਦਰ ਨਹੀਂ ਬਣਾਏ ਜਾ ਸਕੇ। ਅਜਿਹੇ ਵਿਚ ਸ਼ਹਿਰ ਦੀਆਂ ਸੀਟਾਂ 'ਤੇ ਚੋਣ ਹੋਣ ਕਾਰਨ ਅੰਦਰੂਨੀ ਹਿੱਸੇ ਦੇ ਕਿਸੇ ਵੀ ਸਕੂਲ 'ਚ ਪ੍ਰੀਖਿਆ ਕੇਂਦਰ ਸਿੱਖਿਆ ਵਿਭਾਗ ਵੱਲੋਂ ਨਹੀਂ ਬਣਾਇਆ ਜਾ ਰਿਹਾ ਹੈ।
ਇਨ੍ਹਾਂ ਤਹਿਸੀਲਾਂ 'ਚ ਬਣਨਗੇ ਪ੍ਰੀਖਿਆ ਕੇਂਦਰ
ਵਿਭਾਗ ਨੇ ਲੁਧਿਆਣਾ ਦੀਆਂ ਵੱਖ-ਵੱਖ 7 ਤਹਿਸੀਲਾਂ ਸਮਰਾਲਾ, ਮਾਛੀਵਾੜਾ, ਜਗਰਾਓਂ, ਰਾਏਕੋਟ, ਸਾਹਨੇਵਾਲ ਪਾਇਲ ਤੇ ਖੰਨਾ ਦੇ ਨਿੱਜੀ ਏਡਿਡ ਅਤੇ ਸਰਕਾਰੀ ਸਕੂਲਾਂ ਵਿਚ 34 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਹਨ। ਕਿਸੇ ਵੀ ਸਕੂਲ ਵਿਚ ਅਧਿਆਪਕ ਦੇ ਰੂਪ ਵਿਚ ਆਪਣੀ ਸਥਾਈ ਨਿਯੁਕਤੀ ਕਰਵਾਉਣ ਲਈ ਕੈਂਡੀਡੇਟਾਂ ਲਈ ਜ਼ਰੂਰੀ ਇਸ ਪੰਜਾਬ ਸਟੇਟ ਟੀਚਰ ਐਲਜ਼ੀਬਿਲਟੀ ਟੈਸਟ ਲਈ ਲੁਧਿਆਣਾ ਵਿਚ ਕਰੀਬ 16 ਹਜ਼ਾਰ ਕੈਂਡੀਡੇਟਸ ਅਪੀਅਰ ਹੋ ਰਹੇ ਹਨ। ਪ੍ਰੀਖਿਆ ਨੂੰ  ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਵਿਭਾਗ ਨੇ ਵੀ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ ਅਤੇ ਆਏ ਦਿਨ ਪ੍ਰੀਖਿਆ ਕੇਂਦਰ ਕੰਟਰੋਲਰਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।
ਪ੍ਰਿੰਸੀਪਲਾਂ ਨੂੰ ਲਾਇਆ ਨੋਡਲ ਅਫ਼ਸਰ : ਡਿਪਟੀ ਡੀ. ਈ. ਓ.
ਡਿਪਟੀ ਡੀ. ਈ. ਓ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਤਿਆਰੀਆਂ ਕਾਰਨ ਵਿਭਾਗ ਨੇ ਸਕੂਲ ਪ੍ਰਿੰਸੀਪਲਾਂ ਨੂੰ ਨੋਡਲ ਅਫ਼ਸਰ ਨਿਯੁਕਤ ਕਰ ਕੇ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ 34 ਪ੍ਰੀਖਿਆ ਕੇਂਦਰਾਂ 'ਤੇ ਇਹ ਪ੍ਰੀਖਿਆ ਤੀਸਰੀ ਅੱਖ ਦੇ ਸਾਏ ਯਾਨਿ ਵੀਡੀਓਗ੍ਰਾਫੀ ਦਰਮਿਆਨ ਹੋਵੇਗੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ 16 ਹਜ਼ਾਰ ਦੇ ਕਰੀਬ ਪ੍ਰੀਖਿਆਰਥੀ ਸ਼ਾਮਲ ਹੋਣਗੇ। ਹਰ ਪ੍ਰੀਖਿਆ ਕੇਂਦਰ 'ਚ 28 ਪ੍ਰੀਖਿਆਰਥੀਆਂ ਪਿੱਛੇ ਇਕ ਇਨਵਿਜ਼ੀਲੇਟਰ ਦੀ ਨਿਯੁਕਤੀ ਕੀਤੀ ਗਈ ਹੈ, ਜਦੋਂ ਕਿ ਹਰ ਸੈਂਟਰ ਵਿਚ 1 ਸੁਪਰਡੈਂਟ, 1 ਡਿਪਟੀ ਸੁਪਰਡੈਂਟ, ਪ੍ਰੀਖਿਆ ਕੰਟਰੋਲਰ, ਕਲਰਕ ਆਦਿ ਵਿਭਾਗ ਵਲੋਂ ਲਾਏ ਗਏ ਹਨ।
ਪੁਲਸ ਸੁਰੱਖਿਆ ਦੇ ਵੀ ਹੋਣਗੇ ਪ੍ਰਬੰਧ
ਡਿਪਟੀ ਡੀ. ਈ. ਓ. ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ 'ਤੇ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਮੁਲਾਜ਼ਮ ਮੁਹੱਈਆ ਕਰਵਾਉਣ ਲਈ ਨੋਡਲ ਅਫ਼ਸਰ ਆਪਣੇ ਸੈਂਟਰਾਂ ਅਧੀਨ ਆਉਂਦੇ ਪੁਲਸ ਅਧਿਕਾਰੀਆਂ ਨੂੰ ਪੱਤਰ ਲਿਖਣਗੇ।


 


Related News