ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਲਾਗੂ ਕਰਨ ਲਈ PSPCL ਨੇ ਬਿਜਲੀ ਖਪਤਕਾਰਾਂ ਨੂੰ ਦਿੱਤੀ ਰਾਹਤ: ਏ. ਵੇਨੂੰ ਪ੍ਰਸਾਦ
Tuesday, Nov 23, 2021 - 10:34 PM (IST)
ਪਟਿਆਲਾ- 2021 ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਸੱਚੀ ਭਾਵਨਾ ਨਾਲ ਲਾਗੂ ਕਰਨ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਦੇ ਵੱਖ-ਵੱਖ ਖਪਤਕਾਰਾਂ ਨੂੰ ਕਈ ਰਾਹਤ ਅਤੇ ਰਿਆਇਤਾਂ ਦਿੱਤੀਆਂ ਹਨ। ਏ. ਵੇਨੂੰ ਪ੍ਰਸਾਦ ਸੀ.ਐੱਮ.ਡੀ. ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ, ਮਿਆਰੀ ਅਤੇ ਸਸਤੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਪੰਜਾਬ ਦੇ ਵੱਖ-ਵੱਖ ਖਪਤਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਰਾਹਤਾਂ ਅਤੇ ਰਿਆਇਤਾਂ ਨੂੰ ਸਾਂਝਾ ਕਰਦੇ ਹੋਏ ਸੀ.ਐੱਮ.ਡੀ ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਨੇ 1 ਨਵੰਬਰ, 2021 ਤੋਂ 7 ਕਿਲੋਵਾਟ ਦੇ ਲੋਡ ਨਾਲ ਘਰੇਲੂ ਖਪਤਕਾਰਾਂ ਦੀ ਬਿਜਲੀ ਦਰਾਂ ਵਿੱਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਹੈ। ਨਤੀਜੇ ਵਜੋਂ ਲਗਭਗ 70 ਲੱਖ ਘਰੇਲੂ ਖਪਤਕਾਰਾਂ ਨੂੰ ਫਾਇਦਾ ਹੋਣ ਵਾਲਾ ਹੈ ਅਤੇ ਸਾਲਾਨਾ 3200 ਕਰੋੜ ਰੁਪਏ ਦੀ ਰਾਹਤ ਹੈ । ਉਨ੍ਹਾਂ ਕਿਹਾ ਕਿ ਹੁਣ ਘਰੇਲੂ ਖਪਤਕਾਰਾਂ ਲਈ ਨਵਾਂ ਟੈਰਿਫ (2 ਕਿਲੋਵਾਟ ਤੱਕ) 100 ਯੂਨਿਟ ਤੱਕ 1.19 ਰੁਪਏ ਪ੍ਰਤੀ ਯੂਨਿਟ ਹੋਵੇਗਾ ਅਤੇ 2 ਕਿਲੋਵਾਟ ਤੋਂ ਵੱਧ ਅਤੇ 7 ਕਿਲੋਵਾਟ ਤਕ ਲੋਡ ਵਾਲੇ ਖਪਤਕਾਰਾਂ ਲਈ 100 ਯੂਨਿਟ ਤੱਕ 1.49 ਰੁਪਏ ਪ੍ਰਤੀ ਯੂਨਿਟ ਟੈਰਿਫ ਹੋਵੇਗਾ ਅਤੇ 7 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਨੂੰ 101 ਤੋਂ 300 ਯੂਨਿਟਾਂ ਲਈ 4.01 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਟੈਰਿਫ ਅਦਾ ਕਰਨਗੇ।
ਉਨ੍ਹਾਂ ਕਿਹਾ ਕਿ 7 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ ਨੂੰ 300 ਯੂਨਿਟ ਤੋਂ ਉੱਪਰ 5.76 ਰੁਪਏ ਪ੍ਰਤੀ ਯੂਨਿਟ ਟੈਰਿਫ ਅਦਾ ਕਰਨਗੇ । ਸੀ.ਐੱਮ.ਡੀ. ਨੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਨੇ 2 ਕਿਲੋਵਾਟ ਦੇ ਲੋਡ ਵਾਲੇ ਲਗਭਗ 53 ਲੱਖ ਘਰੇਲੂ ਖਪਤਕਾਰਾਂ ਦੇ ਲਗਭਗ 1500 ਕਰੋੜ ਰੁਪਏ ਦੇ ਬਿਜਲੀ ਬਿੱਲ ਮੁਆਫ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਉਦਯੋਗ ਦੇ ਪਸਾਰ ਲਈ ਮੱਧਮ ਪੈਮਾਨੇ ਦੇ ਉਦਯੋਗਿਕ ਖਪਤਕਾਰਾਂ ਦੇ ਨਿਸ਼ਚਿਤ ਟੈਰਿਫ ਚਾਰਜ (20 ਕੇਵੀਏ ਤੋਂ 100 ਕੇਵੀਏ ਤੱਕ) ਨੂੰ 120 ਰੁਪਏ ਪ੍ਰਤੀ ਕੇਵੀਏ ਨੂੰ 60 ਰੁਪਏ ਪ੍ਰਤੀ ਕੇਵੀਏ ਕਰ ਦਿੱਤਾ ਗਿਆ ਹੈ ਜੋ ਕਿ ਨਵੰਬਰ 1,2021 ਤੋਂ ਪ੍ਰਭਾਵੀ ਹੈ।ਇਸ ਨਾਲ ਸੂਬੇ ਦੇ 32500 ਦਰਮਿਆਨੇ ਉਦਯੋਗਿਕ ਖਪਤਕਾਰਾਂ ਨੂੰ ਲਗਭਗ 42 ਕਰੋੜ ਰੁਪਏ ਦੀ ਰਾਹਤ ਮਿਲੀ ਹੈ।