PSPCL ਵੱਲੋਂ ਖ਼ਪਤਕਾਰਾਂ ਦੀ ਸਹੂਲਤ ''ਚ ਵਾਧਾ, ਇਸ ਬਿਜਲੀ ਕਾਲ ਸੈਂਟਰ ''ਚ ਵਧਾਈ ਨੁਮਾਇੰਦਿਆਂ ਦੀ ਗਿਣਤੀ

Wednesday, Jun 23, 2021 - 02:21 PM (IST)

ਲੁਧਿਆਣਾ (ਪਰਮੀਤ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ.) ਵੱਲੋਂ ਖ਼ਪਤਕਾਰਾਂ ਦੀ ਸੁਵਿਧਾ ਵਿਚ ਹੋਰ ਵਾਧਾ ਕਰਦੇ ਹੋਏ ਲੁਧਿਆਣਾ ਦੇ ਜਨਤਾ ਨਗਰ ਬਿਜਲੀ ਕਾਲ ਸੈਂਟਰ ਵਿੱਚ ਨੁਮਾਇੰਦਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਇਸ ਨਾਲ ਇੱਥੇ ਮੌਜੂਦ ਕਸਟਮਰ ਰਿਪ੍ਰੈਜ਼ੈਂਟੇਟਿਵਸ ਦੀ ਗਿਣਤੀ 40 ਤੋਂ ਵੱਧ ਕੇ 60 ਹੋ ਗਈ ਹੈ, ਜਿਸਨੂੰ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀ. ਪੀ. ਐਸ ਗਰੇਵਾਲ ਵੱਲੋਂ ਅੱਜ ਲੋਕਾਂ ਨੂੰ ਸਮਰਪਿਤ ਕੀਤਾ ਗਿਆ। 
ਇਸ ਮੌਕੇ ਇੰਜ. ਗਰੇਵਾਲ ਨੇ ਦੱਸਿਆ ਕਿ ਖ਼ਪਤਕਾਰਾਂ ਦੀ ਸੁਵਿਧਾ ਦੇ ਮੱਦੇਨਜ਼ਰ 31.01 ਲੱਖ ਰੁਪਏ ਦੀ ਲਾਗਤ ਨਾਲ ਇਸ ਬਿਜਲੀ ਕਾਲ ਸੈਂਟਰ ਵਿੱਚ ਮੌਜੂਦ ਸੀਟਾਂ ਨੂੰ 40 ਤੋਂ ਵਧਾ ਕੇ 60 ਕਰ ਦਿਤਾ ਗਿਆ ਹੈ। ਇਸ ਨਾਲ 11 ਕੇਵੀ ਅਤੇ 66 ਕੇਵੀ ਟਰਾਂਸਮਿਸ਼ਨ ਸਿਸਟਮ ਹੋਰ ਮਜ਼ਬੂਤ ਹੋਵੇਗਾ। ਇਸ ਨਾਲ ਹੀ ਹੁਣ ਚੌੜਾ ਬਾਜ਼ਾਰ ਕਾਲ ਸੈਂਟਰ ਦੀਆਂ 60 ਸੀਟਾਂ ਨੂੰ ਮਿਲਾ ਕੇ 1912 ਕਾਲ ਸੈਂਟਰ ਤੇ ਕੁੱਲ 120 ਸੀਟਾਂ ਹੋ ਜਾਣਗੀਆਂ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਬੀਤੇ ਇਕ ਮਹੀਨੇ ਦੌਰਾਨ ਕਈ ਗੰਭੀਰ ਟਰਾਂਸਮਿਸ਼ਨ ਸਬੰਧੀ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਵਿਚ ਬੀਤੇ ਕਈ ਸਾਲਾਂ ਤੋਂ ਲਟਕਿਆ ਹੋਇਆ 220 ਕੇਵੀ ਸਬ ਸਟੇਸ਼ਨ ਮਲੇਰਕੋਟਲਾ ਦੀ 66 ਕੇਵੀ ਲਾਈਨ ਦੇ 7.5 ਕਿਲੋਮੀਟਰ ਲੰਬੇ ਸੈਕਿੰਡ ਸਰਕਟ ਦਾ ਕੰਮ ਸੀ।

ਉਨ੍ਹਾਂ ਦੱਸਿਆ ਕਿ ਸਿੰਗਲ ਸਰਕਟ ਲਾਈਨ ਦੀਆਂ ਬੰਦਸ਼ਾਂ ਕਾਰਨ ਸਬ ਸਟੇਸ਼ਨ ਤੇ ਨਵੇਂ ਟਰਾਂਸਫਾਰਮਰ ਨਹੀਂ ਲਗਾਏ ਜਾ ਸਕਦੇ ਸਨ ਪਰ ਪੀ. ਐਸ. ਪੀ. ਸੀ. ਐਲ. ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਦਖ਼ਲ ਦੇਣ ਤੋਂ ਬਾਅਦ ਇਸ ਕੰਮ ਨੂੰ 3.3 ਕਰੋੜ ਰੁਪਏ ਦੀ ਲਾਗਤ ਨਾਲ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ, ਜਿਸ ਨਾਲ ਮਲੇਰਕੋਟਲਾ ਦੇ ਖ਼ਪਤਕਾਰਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ, ਇਸ ਲਾਈਨ ਨੂੰ ਰੇਲ ਪੋਲਾਂ ਤੋਂ ਟਾਵਰਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ, ਜਿਸ ਕਾਰਨ ਜਿੱਥੇ ਲਾਈਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਉੱਥੇ ਹੀ ਹਾਦਸਿਆਂ ਵਿੱਚ ਵੀ ਕਮੀ ਆਵੇਗੀ।


Babita

Content Editor

Related News