PSEB ਦੀ 8ਵੀਂ ਤੇ 12ਵੀਂ ਦੀ ਡੇਟਸ਼ੀਟ 'ਚ 15 ਦਿਨਾਂ ਦੀਆਂ ਛੁੱਟੀਆਂ, ਜਾਣੋ ਕੀ ਹੈ ਕਾਰਨ

Sunday, Mar 05, 2023 - 09:21 AM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਜਾ ਰਹੀਆਂ 8ਵੀਂ ਅਤੇ 12ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਥੋੜ੍ਹਾ ਵਿਰਾਮ ਦਿੱਤਾ ਗਿਆ ਹੈ। ਆਉਣ ਵਾਲੇ 15 ਦਿਨਾਂ ਮਤਲਬ 20 ਮਾਰਚ ਤੱਕ ਕੋਈ ਵੀ ਬੋਰਡ ਪ੍ਰੀਖਿਆ ਨਹੀਂ ਹੈ। ਬੋਰਡ ਪ੍ਰੀਖਿਆਵਾਂ ਦੌਰਾਨ ਇੰਨੀਆਂ ਛੁੱਟੀਆਂ ਪਹਿਲੀ ਵਾਰ ਕੀਤੀਆਂ ਗਈਆਂ ਹਨ। ਬੋਰਡ ਵਲੋਂ ਇਕ ਪੱਤਰ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ 20 ਮਾਰਚ ਤੋਂ ਬਾਕੀ ਬਚੇ ਵਿਸ਼ਿਆਂ ਦੀ ਪ੍ਰੀਖਿਆ ਡੇਟਸ਼ੀਟ ਮੁਤਾਬਕ ਲਈਆਂ ਜਾਣਗੀਆਂ। ਇਸ ਲਈ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਜੁੜੇ ਰਹਿਣ ਅਤੇ ਚੰਗੇ ਨੰਬਰ ਲੈਣ ਲਈ ਛੁੱਟੀਆਂ ਦਾ ਫ਼ਾਇਦਾ ਲੈਣ। ਬੋਰਡ ਨੇ ਸੂਚਿਤ ਕੀਤਾ ਹੈ ਕਿ 6 ਮਾਰਚ ਦਿਨ ਸੋਮਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕੋਈ ਲਿਖ਼ਤੀ ਪ੍ਰੀਖਿਆ ਨਹੀਂ ਹੈ। ਇਸ ਲਈ ਪ੍ਰਸ਼ਨ-ਪੱਤਰ ਹਰ ਪੱਖ ਤੋਂ ਸੁਰੱਖਿਅਤ ਰੱਖਣਾ ਪ੍ਰਿੰਸੀਪਲ-ਕਮ-ਕੇਂਦਰ ਕੰਟ੍ਰੋਲਰ ਦਾ ਮੁੱਖ ਫਰਜ਼ ਹੈ। ਪ੍ਰੀਖਿਆਵਾਂ ਦੀ ਰਿਵਾਈਜ਼ਡ ਡੇਟਸ਼ੀਟ ਬੋਰਡ ਦੀ ਵੈੱਬਸਾਈਟ ’ਤੇ ਮੁਹੱਈਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਮਹਿਲਾ ਕੈਦੀ ਆਪਸ 'ਚ ਭਿੜੀਆਂ, ਜਦੋਂ ਹੈੱਡ ਵਾਰਡਨ ਪੁੱਜੀ ਤਾਂ...
15 ਦਿਨਾਂ ਦੀਆਂ ਕਿਉਂ ਹਨ ਛੁੱਟੀਆਂ?
ਇਕ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ, ਨਾਲ ਹੀ 5ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਸੰਪੰਨ ਹੋ ਗਈਆਂ ਹਨ। ਇਸ ਦੌਰਾਨ 20 ਮਾਰਚ ਤੱਕ ਬੋਰਡ ਵਲੋਂ 8ਵੀਂ ਅਤੇ 12ਵੀਂ ਕਲਾਸ ਦੀ ਕੋਈ ਵੀ ਪ੍ਰੀਖਿਆ ਨਹੀਂ ਲਈ ਜਾਵੇਗੀ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਸਾਰੇ ਸਕੂਲਾਂ ’ਚ ਨਾਨ-ਬੋਰਡ ਦੀਆਂ ਪ੍ਰੀਖਿਆਵਾਂ ਲਈਆਂ ਜਾਣੀਆਂ ਹਨ, ਜੋ ਕਿ 7 ਮਾਰਚ ਤੋਂ ਸ਼ੁਰੂ ਹੋ ਕੇ 22 ਮਾਰਚ ਤੱਕ ਚੱਲਣਗੀਆਂ। ਅਜਿਹੇ ਵਿਚ ਬੋਰਡ ਪ੍ਰੀਖਿਆਵਾਂ ’ਚ ਸਰਕਾਰੀ ਸਕੂਲਾਂ ਦਾ ਸਾਰਾ ਸਟਾਫ਼ ਹੀ ਡਿਊਟੀ ਦੇ ਰਿਹਾ ਹੈ। ਇਸ ਲਈ ਨਾਨ-ਬੋਰਡ ਕਲਾਸਾਂ ਦੀਆਂ ਪ੍ਰੀਖਿਆਵਾਂ ਲੈਣ ਦੌਰਾਨ ਸਟਾਫ਼ ਦੀ ਕਮੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਇਸ ਲਈ ਅਜਿਹਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਤੋੜੀਆਂ ਗਈਆਂ ਝੁੱਗੀਆਂ, ਕਈ ਸਾਲਾਂ ਤੋਂ ਰਹਿ ਰਹੇ ਪਰਿਵਾਰ ਹੋਏ ਬੇਘਰ (ਤਸਵੀਰਾਂ)
ਕੀ ਕਹਿੰਦੇ ਹਨ ਵਿਦਿਆਰਥੀ
ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇੰਨੀਆਂ ਜ਼ਿਆਦਾ ਛੁੱਟੀਆਂ ਵਿਦਿਆਰਥੀਆਂ ਲਈ ਠੀਕ ਨਹੀਂ ਹਨ। ਇੰਨੀਆਂ ਛੁੱਟੀਆਂ ਹੋਣ ਕਾਰਨ ਪੜ੍ਹਾਈ ਲਈ ਬਣੀ ਉਨ੍ਹਾਂ ਦੀ ਲੈਅ ਟੁੱਟ ਸਕਦੀ ਹੈ। ਇਸ ਲਈ ਬੋਰਡ ਨੂੰ ਇੰਨੀਆਂ ਛੁੱਟੀਆਂ ਨਹੀਂ ਕਰਨੀਆਂ ਚਾਹੀਦੀਆਂ ਸਨ। ਨਾਨ- ਬੋਰਡ ਕਲਾਸਾਂ ਦੇ ਪੇਪਰ ਬੋਰਡ ਪ੍ਰੀਖਿਆਵਾਂ ਤੋਂ ਕੁੱਝ ਦਿਨ ਪਹਿਲਾਂ ਲੈ ਲਏ ਜਾਣੇ ਚਾਹੀਦੇ ਸਨ, ਤਾਂ ਕਿ ਬੋਰਡ ਪ੍ਰੀਖਿਆਵਾਂ ਦੌਰਾਨ ਅਜਿਹਾ ਕੁੱਝ ਨਾ ਕਰਨਾ ਪਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News