PSEB ਦੀ 12ਵੀਂ ਦੀ ਮੈਰਿਟ ਲਿਸਟ ’ਚ ਲੀਡ: ਜਲੰਧਰ ਦੀਆਂ 6 ਬੇਟੀਆਂ ਟਾਪ ਕਰਕੇ ਚਮਕਾਇਆ ਨਾਂ

Thursday, May 25, 2023 - 01:48 PM (IST)

PSEB ਦੀ 12ਵੀਂ ਦੀ ਮੈਰਿਟ ਲਿਸਟ ’ਚ ਲੀਡ: ਜਲੰਧਰ ਦੀਆਂ 6 ਬੇਟੀਆਂ ਟਾਪ ਕਰਕੇ ਚਮਕਾਇਆ ਨਾਂ

ਜਲੰਧਰ (ਜ.ਬ., ਚੋਪੜਾ)– ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 12ਵੀਂ ਦਾ ਰਿਜ਼ਲਟ ਜਾਰੀ ਕਰ ਦਿੱਤਾ ਹੈ। ਜ਼ਿਲ੍ਹੇ ਵਿਚੋਂ 6 ਵਿਦਿਆਰਥਣਾਂ ਮੈਰਿਟ ਵਿਚ ਸ਼ਾਮਲ ਹੋਈਆਂ ਹਨ। ਇਨ੍ਹਾਂ ਵਿਚ 4 ਵਿਦਿਆਰਥਣਾਂ ਪ੍ਰਾਈਵੇਟ ਸਕੂਲਾਂ ਦੀਆਂ ਅਤੇ ਸਿਰਫ਼ 2 ਵਿਦਿਆਰਥਣਾਂ ਸਰਕਾਰੀ ਸਕੂਲ ਦੀਆਂ ਹਨ। ਜਲੰਧਰ ਜ਼ਿਲ੍ਹਾ 12ਵੀਂ ਦੇ ਰਿਜ਼ਲਟ ਵਿਚ ਇਸ ਸਾਲ 10ਵੇਂ ਸਥਾਨ ’ਤੇ ਹੈ। ਜ਼ਿਲ੍ਹੇ ਤੋਂ ਇਸ ਸਾਲ 93.97 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ। ਐੱਸ. ਪੀ. ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਏਕਤਾ ਨੇ 500 ਵਿਚੋਂ 492 ਅੰਕ ਅਤੇ 98.40 ਫੀਸਦੀ ਨਾਲ ਸੂਬੇ ਵਿਚੋਂ 8ਵਾਂ ਅਤੇ ਜ਼ਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਖੁਸ਼ੀ ਨੇ 492 ਅੰਕ ਅਤੇ 98 ਫੀਸਦੀ ਨਾਲ ਸੂਬੇ ਵਿਚੋਂ 10ਵਾਂ ਅਤੇ ਜ਼ਿਲ੍ਹੇ ਵਿਚੋਂ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦੀ ਸੇਜਲਪ੍ਰੀਤ ਕੌਰ ਨੇ 487 ਅੰਕ ਅਤੇ 97.40 ਫ਼ੀਸਦੀ ਨਾਲ ਸੂਬੇ ਵਿਚੋਂ 13ਵਾਂ, ਜ਼ਿਲ੍ਹੇ ਵਿਚੋਂ ਤੀਜਾ, ਐੱਸ. ਪੀ. ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਹਿਮਾਂਸ਼ੀ ਨੇ 486 ਅੰਕ ਅਤੇ 97.20 ਫ਼ੀਸਦੀ ਨਾਲ ਸੂਬੇ ਵਿਚੋਂ 14ਵਾਂ, ਜ਼ਿਲ੍ਹੇ ਵਿਚੋਂ ਚੌਥਾ, ਐੱਚ. ਐੱਮ. ਵੀ. ਕਾਲਜੀਏਟ ਸਕੂਲ ਦੀ ਤਨੀਸ਼ਾ ਘਈ ਅਤੇ ਐੱਸ. ਪੀ. ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਰਿਤਿਕਾ ਨੇ 485 ਅੰਕ ਲੈ ਕੇ ਸੂਬੇ ਵਿਚੋਂ 15ਵਾਂ ਅਤੇ ਜ਼ਿਲ੍ਹੇ ਵਿਚੋਂ ਪੰਜਵਾਂ ਸਥਾਨ ਹਾਸਲ ਕੀਤਾ। 25 ਮਈ ਨੂੰ ਬੋਰਡ ਵੱਲੋਂ ਵਿਦਿਆਰਥੀਆਂ ਦਾ ਓਵਰਆਲ ਨਤੀਜਾ ਜਾਰੀ ਕੀਤਾ ਜਾਵੇਗਾ।

ਟਾਪਰ ਆਉਣ ਵਾਲੀਆਂ ਬੇਟੀਆਂ ਦੀ ਕਹਾਣੀ
ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਏਕਤਾ ਬਣਨਾ ਚਾਹੁੰਦੀ ਹੈ ਸੀ. ਏ.

ਸਕੂਲ ਵਿਚ ਸ਼ੁਰੂ ਤੋਂ ਹੀ ਵਧੀਆ ਅੰਕ ਲੈ ਕੇ ਟਾਪਰ ਰਹਿਣ ਵਾਲੀ ਏਕਤਾ ਨੇ ਦੱਸਿਆ ਕਿ ਉਸ ਦੇ ਪਿਤਾ ਸੁਸ਼ੀਲ ਕੋਛੜ ਦਾ ਮਿੱਠਾਪੁਰ ਵਿਚ ਜਨਰਲ ਸਟੋਰ ਹੈ ਅਤੇ ਮਾਂ ਜੋਤੀ ਕੋਛੜ ਟੀਚਰ ਹੈ। 12ਵੀਂ ਬੋਰਡ ਦੀ ਪ੍ਰੀਖਿਆ ਵਿਚ 500 ਵਿਚੋਂ 492 ਅੰਕ ਹਾਸਲ ਕਰਨ ਤੋਂ ਬਾਅਦ ਏਕਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ’ਤੇ ਉਨ੍ਹਾਂ ਨੂੰ ਮਾਣ ਹੈ, ਜੋ ਜ਼ਿਲੇ ਵਿਚ ਪਹਿਲੇ ਸਥਾਨ ’ਤੇ ਆਈ ਹੈ। ਉਨ੍ਹਾਂ ਦੀ ਬੇਟੀ ਏਕਤਾ ਖੁਦ ਪੜ੍ਹਾਈ ਕਰ ਕੇ ਇਥੇ ਤੱਕ ਪਹੁੰਚੀ ਹੈ। ਉਨ੍ਹਾਂ ਦੀ ਬੇਟੀ ਸੀ. ਏ. ਬਣਨਾ ਚਾਹੁੰਦੀ ਹੈ, ਜਿਸ ਲਈ ਉਸ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ। ਏਕਤਾ ਨੇ ਕਿਹਾ ਕਿ ਸਕੂਲ ਟੀਚਰਾਂ ਨੇ ਵੀ ਉਸ ਦੀ ਕਾਫ਼ੀ ਮਦਦ ਕੀਤੀ।

ਇਹ ਵੀ ਪੜ੍ਹੋ -  ਖੇਡ ਜਗਤ 'ਚ ਛਾਈ ਸੋਗ ਦੀ ਲਹਿਰ, ਨੌਜਵਾਨ ਕਬੱਡੀ ਖਿਡਾਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ

ਨਹਿਰੂ ਗਾਰਡਨ ਸਕੂਲ ਦੀ ਖ਼ੁਸ਼ੀ ਜ਼ਿਲ੍ਹੇ ਵਿਚੋਂ ਦੂਜੇ ਸਥਾਨ ’ਤੇ ਰਹੀ
ਨਹਿਰੂ ਗਾਰਡਨ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਖੁਸ਼ੀ ਪੁੱਤਰੀ ਨੰਦ ਲਾਲ ਅਤੇ ਆਸ਼ਾ ਰਾਣੀ ਵਾਸੀ ਕਿਸ਼ਨਪੁਰਾ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12ਵੀਂ ਪ੍ਰੀਖਿਆ ਵਿਚ 500 ਵਿਚੋਂ 490 ਅੰਕ ਹਾਸਲ ਕੀਤੇ ਅਤੇ ਜਲੰਧਰ ਜ਼ਿਲ੍ਹੇ ਵਿਚ ਦੂਜੇ ਸਥਾਨ ’ਤੇ ਰਹੀ। ਖ਼ੁਸ਼ੀ ਨੇ ਕਿਹਾ ਕਿ ਉਹ ਟੀਚਰ ਬਣਨਾ ਚਾਹੁੰਦੀ ਹੈ ਅਤੇ ਸਾਰਿਆਂ ਦੀ ਸੇਵਾ ਕਰਨਾ ਚਾਹੁੰਦੀ ਹੈ। ਜੋ ਬੱਚਾ ਪੜ੍ਹਨ-ਲਿਖਣ ਵਿਚ ਲਾਇਕ ਹੈ, ਉਸ ਦੀ ਹਰ ਤਰ੍ਹਾਂ ਨਾਲ ਮਦਦ ਵੀ ਕਰੇਗੀ। ਖੁਸ਼ੀ ਨੇ ਕਿਹਾ ਕਿ ਉਸ ਦੇ ਪਿਤਾ ਦੁਕਾਨਦਾਰ ਹਨ ਅਤੇ ਮਾਂ ਹਾਊਸ ਵਾਈਫ ਹੈ। ਹੁਣ ਉਹ ਪੀ. ਸੀ. ਐੱਮ. ਐੱਸ. ਡੀ. ਕਾਲਜ ਵਿਚੋਂ ਬੀ. ਕਾਮ. ਆਨਰਜ਼ ਕਰ ਰਹੀ ਹੈ। ਖੁਸ਼ੀ ਨੇ ਕਿਹਾ ਕਿ ਉਹ ਸਕੂਲ ਤੋਂ ਇਲਾਵਾ ਘਰ ਵਿਚ 7 ਤੋਂ 8 ਘੰਟੇ ਤੱਕ ਪੜ੍ਹਾਈ ਕਰਦੀ ਸੀ। ਸੈਲਫ ਸਟੱਡੀ ਕਰਕੇ ਇਥੇ ਤੱਕ ਪਹੁੰਚੀ ਹਾਂ ਅਤੇ ਇਸ ਵਿਚ ਸਕੂਲ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਅਤੇ ਉਨ੍ਹਾਂ ਦੇ ਟੀਚਰਾਂ ਦਾ ਖਾਸ ਯੋਗਦਾਨ ਹੈ।

PunjabKesari

ਸੇਲਜਪ੍ਰੀਤ ਨੇ ਹਾਸਲ ਕੀਤਾ ਤੀਜਾ ਸਥਾਨ
ਮਹਿਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 12ਵੀਂ ਦੀ ਪ੍ਰੀਖਿਆ ਵਿਚ ਸੇਜਲਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ। ਸੇਜਲਪ੍ਰੀਤ ਨੇ ਕਿਹਾ ਕਿ ਉਸਨੇ ਆਪਣਾ ਸਾਰਾ ਧਿਆਨ ਮੈਰਿਟ ’ਤੇ ਦਿੱਤਾ ਅਤੇ ਦਿਨ-ਰਾਤ ਪੜ੍ਹਾਈ ਕੀਤੀ। ਟੀਚਰਾਂ ਨੇ ਖੂਬ ਮਿਹਨਤ ਕਰਾਈ ਅਤੇ ਉਸ ਦਾ ਨਤੀਜਾ ਅੱਜ ਸਾਹਮਣੇ ਹੈ। ਉਸ ਨੂੰ ਖ਼ੁਸ਼ੀ ਹੈ ਕਿ ਉਸ ਨੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਅਤੇ ਆਪਣੇ ਸਕੂਲ ਦਾ ਵੀ। ਅੱਗੇ ਵੀ ਇਸੇ ਤਰ੍ਹਾਂ ਪੜ੍ਹਾਈ ਕਰੇਗੀ।

ਇਹ ਵੀ ਪੜ੍ਹੋ -  ਪੰਜਾਬ ਦੇ ਮੌਸਮ 'ਚ ਆਵੇਗੀ ਵੱਡੀ ਤਬਦੀਲੀ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਤਾਜ਼ਾ ਅਪਡੇਟ

ਹਿਮਾਂਸ਼ੀ ਇੰਟਰਪ੍ਰਿਨਿਓਰਸ਼ਿਪ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ
12ਵੀਂ ਦੀ ਪ੍ਰੀਖਿਆ ਵਿਚ ਜ਼ਿਲੇ ਵਿਚ ਚੌਥਾ ਸਥਾਨ ਹਾਸਲ ਕਰਨ ਵਾਲੀ ਹਿਮਾਂਸ਼ੀ ਦੇ ਪਿਤਾ ਸੰਦੀਪ ਕੁਮਾਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਦਫਤਰ ਵਿਚ ਕਲਰਕ ਹਨ ਅਤੇ ਮਾਂ ਕੋਮਲ ਹਾਊਸ ਵਾਈਫ ਹੈ। ਹਿਮਾਂਸ਼ੀ ਨੇ ਪੀ. ਐੱਸ. ਈ. ਬੀ. 12ਵੀਂ ਕਾਮਰਸ ਵਿਚ 97.20 ਫੀਸਦੀ ਨੰਬਰ ਲੈ ਕੇ ਜ਼ਿਲੇ ਵਿਚੋਂ ਚੌਥਾ ਸਥਾਨ ਹਾਸਲ ਕੀਤਾ। ਮਾਡਲ ਹਾਊਸ ਦੀ ਰਹਿਣ ਵਾਲੀ ਹਿਮਾਂਸ਼ੀ ਇੰਟਰਪ੍ਰਿਨਿਓਰਸ਼ਿਪ ਵਿਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।

PunjabKesari

ਸਾਰਾ ਸਿਹਰਾ ਟੀਚਰਾਂ ਨੂੰ ਦੇ ਰਹੀ ਪੰਜਵੇਂ ਸਥਾਨ ’ਤੇ ਆਉਣ ਵਾਲੀ ਰਿਤਿਕਾ
ਐੱਸ. ਪੀ. ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦੀ ਰਿਤਿਕਾ ਨੇ 97 ਫੀਸਦੀ ਅੰਕ ਲੈ ਕੇ ਜ਼ਿਲੇ ਿਵਚ 5ਵਾਂ ਸਥਾਨ ਹਾਸਲ ਕੀਤਾ। ਰਿਤਿਕਾ ਦੇ ਪਿਤਾ ਪੇਸ਼ੇ ਤੋਂ ਕਾਰਪੈਂਟਰ ਹਨ। ਜਦੋਂ ਉਨ੍ਹਾਂ ਨੂੰ ਆਪਣੀ ਬੇਟੀ ਦੇ ਰਿਜ਼ਲਟ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਰਿਤਿਕਾ ਨੇ ਕਿਹਾ ਕਿ ਉਹ ਕਾਮਰਸ ਕਰਨਾ ਚਾਹੁੰਦੀ ਹੈ ਅਤੇ ਅੱਗੇ ਚੱਲ ਕੇ ਬੈਂਕ ਵਿਚ ਜੌਬ ਕਰਨਾ ਚਾਹੁੰਦੀ ਹੈ, ਉਹ ਵੀ ਇਕ ਚੰਗੀ ਪੋਸਟ ’ਤੇ।

PunjabKesari

ਪਿਤਾ ਦੀ ਜੋ ਖਵਾਹਿਸ਼ ਸੀ, ਉਹ ਪੂਰੀ ਕਰਕੇ ਰਹਾਂਗੀ
ਐੱਚ. ਐੱਮ. ਵੀ. ਕਾਲਜੀਏਟ ਸਕੂਲ ਦੀ ਤਨਿਸ਼ਾ ਘਈ ਵੀ 97 ਫੀਸਦੀ ਅੰਕ ਲੈ ਕੇ ਜਲੰਧਰ ਜ਼ਿਲੇ ਵਿਚ 5ਵੇਂ ਸਥਾਨ ’ਤੇ ਰਹੀ। ਬਸਤੀ ਸ਼ੇਖ ਦੀ ਰਹਿਣ ਵਾਲੀ ਤਨਿਸ਼ਾ ਘਈ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪਿਤਾ ਦੀ ਖਵਾਹਿਸ਼ ਸੀ ਕਿ ਉਨ੍ਹਾਂ ਦੀ ਬੇਟੀ ਵਿਦੇਸ਼ ਜਾਵੇ ਅਤੇ ਵਧੀਆ ਪੜ੍ਹਾਈ ਕਰੇ। ਉਸ ਨੂੰ ਮਾਣ ਹੈ ਕਿ ਉਹ ਆਪਣੇ ਪਿਤਾ ਦੀ ਖਵਾਹਿਸ਼ ਨੂੰ ਪੂਰਾ ਕਰ ਰਹੀ ਹੈ ਅਤੇ ਅੱਗੇ ਚੱਲ ਕੇ ਇਸੇ ਤਰ੍ਹਾਂ ਹੀ ਪੜ੍ਹਾਈ ਵਿਚ ਚੰਗੇ ਨੰਬਰ ਹਾਸਲ ਕਰੇਗੀ।

ਇਹ ਵੀ ਪੜ੍ਹੋ - ਚਾਵਾਂ ਨਾਲ ਕੈਨੇਡਾ ਭੇਜਿਆ ਸੀ ਇਕਲੌਤਾ ਪੁੱਤ, ਘਰ ਪਰਤੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News