PSEB ਦੀਆਂ ਪ੍ਰੀਖਿਆਵਾਂ ਦੇ ਪਹਿਲੇ ਦਿਨ ਖੁੱਲ੍ਹੀ ਬੋਰਡ ਤੇ ਸਿੱਖਿਆ ਵਿਭਾਗ ’ਚ ਦੀ ਪੋਲ

Wednesday, Feb 14, 2024 - 10:40 AM (IST)

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮੰਗਲਵਾਰ ਤੋਂ ਸ਼ੁਰੂ ਹੋਈਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ’ਚ ਬੋਰਡ ਸਿੱਖਿਆ ਵਿਭਾਗ ’ਚ ਆਪਸੀ ਤਾਲਮੇਲ ਦੀ ਕਮੀ ਦਾ ਖਮਿਆਜ਼ਾ ਪ੍ਰੀਖਿਆ ਡਿਊਟੀ ’ਤੇ ਲਗਾਏ ਗਏ ਸਟਾਫ ਨੂੰ ਪ੍ਰੇਸ਼ਾਨ ਹੋ ਕੇ ਭੁਗਤਣਾ ਪਿਆ ਕਿਉਂਕਿ ਪਹਿਲਾਂ ਤਾਂ ਬੋਰਡ ਨੇ ਅਧਿਆਪਕਾਂ ਦੀ ਡਿਊਟੀ ਕੁਝ ਪ੍ਰੀਖਿਆ ਕੇਂਦਰਾਂ ’ਚ ਬਤੌਰ ਸੁਪਰਡੈਂਟ ਲਗਾ ਦਿੱਤੀ, ਜਦੋਂਕਿ ਬਾਅਦ ’ਚ ਕਈ ਪ੍ਰੀਖਿਆ ਕੇਂਦਰਾਂ ਵੱਲੋਂ ਜਦੋਂ ਵਿਭਾਗ ਤੋਂ ਬਤੌਰ ਨਿਗਰਾਨ ਵਾਧੂ ਸਟਾਫ ਮੰਗਿਆ ਗਿਆ ਤਾਂ ਕਿਸੇ ਹੋਰ ਸਕੂਲ ’ਚ ਬਤੌਰ ਸੁਪਰਡੈਂਟ ਲੱਗੇ ਅਧਿਆਪਕ ਦੀ ਹੀ ਡਿਊਟੀ ਨਿਗਰਾਨ ਵਜੋਂ ਹੋਰ ਪ੍ਰੀਖਿਆ ਕੇਂਦਰ ’ਚ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ। ਅਜਿਹੇ ਹੁਕਮਾਂ ਨੂੰ ਦੇਖ ਕੇ ਦੁਚਿੱਤੀ ’ਚ ਪਏ ਕੁਝ ਸਕੂਲ ਮੁਖੀਆਂ ਵੱਲੋਂ ਬੋਰਡ ਅਤੇ ਵਿਭਾਗ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਇਕ ਹੀ ਅਧਿਆਪਕ ਦੀ ਡਬਲ ਪ੍ਰੀਖਿਆ ਡਿਊਟੀ ਲਗਾਏ ਜਾਣ ਬਾਰੇ ਸੂਚਨਾ ਸੀ। ਜਾਣਕਾਰੀ ਮੁਤਾਬਕ ਸਰਕਾਰੀ ਹਾਈ ਸਕੂਲ ਦੇਤਵਾਲ ਦੇ ਇਕ ਅਧਿਆਪਕ ਦੀ ਡਿਊਟੀ ਬਤੌਰ ਸੁਪਰਡੈਂਟ ਅਜੀਤਸਰ ਮੋਹੀ ਦੇ ਪ੍ਰੀਖਿਆ ਕੇਂਦਰ ’ਚ ਬੋਰਡ ਵੱਲੋਂ ਲਗਾਈ ਗਈ ਸੀ ਪਰ ਬਾਅਦ ’ਚ ਸਿੱਖਿਆ ਵਿਭਾਗ ਨੇ ਉਕਤ ਅਧਿਆਪਕ ਦੀ ਡਿਊਟੀ ਜਾਂਗਪੁਰ ਦੇ ਪ੍ਰੀਖਿਆ ਕੇਂਦਰ ’ਚ ਵੀ ਬਤੌਰ ਨਿਗਰਾਨ ਲਗਾ ਦਿੱਤੀ ਗਈ।

ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਦੇ ਪ੍ਰਬੰਧਾਂ ਦੀ ਪੋਲ ਉਸ ਸਮੇਂ ਵੀ ਖੁੱਲ੍ਹ ਗਈ, ਜਦੋਂ ਲਗਾਤਾਰ ਮੈਡੀਕਲ ਲੀਵ ’ਤੇ ਚੱਲ ਰਹੀ ਧਨਾਨਸੂ ਸਕੂਲ ਦੀ ਇਕ ਅਧਿਆਪਕਾ ਦੀ ਡਿਊਟੀ ਢੰਡਾਰੀ ਖੁਰਦ ਦੇ ਸਕੂਲ ’ਚ ਲਗਾ ਦਿੱਤੀ ਗਈ, ਜਿਸ ਸਬੰਧੀ ਸਕੂਲ ਵੱਲੋਂ ਸੂਚਨਾ ਦਿੱਤੀ ਗਈ ਕਿ ਉਕਤ ਸਟਾਫ ਲਗਾਤਾਰ ਮੈਡੀਕਲ ਲੀਵ ’ਤੇ ਚੱਲ ਰਿਹਾ ਹੈ, ਜਿਸ ਸਬੰਧੀ ਪਹਿਲਾਂ ਵੀ ਬੋਰਡ ਅਤੇ ਵਿਭਾਗ ਨੂੰ ਦੱਸਿਆ ਜਾ ਚੁੱਕਾ ਹੈ। ਮੈਡੀਕਲ ਲੀਵ ’ਤੇ ਚੱਲ ਰਹੀ ਜਰਖੜ ਸਕੂਲ ਦੀ ਇਕ ਅਧਿਆਪਕਾ ਦੀ ਡਿਊਟੀ ਵੀ ਪ੍ਰੀਖਿਆ ਕੇਂਦਰ ’ਚ ਲਗਾ ਦਿੱਤੀ, ਜਿਸ ਸਬੰਧੀ ਪਤਾ ਲੱਗਣ ’ਤੇ ਉਸ ਦੀ ਜਗ੍ਹਾ ’ਤੇ ਕਿਸੇ ਹੋਰ ਨੂੰ ਭੇਜਿਆ ਗਿਆ। ਰਿਟਾਇਰਮੈਂਟ ਕੰਢੇ ਖੜ੍ਹੇ ਸਟਾਫ ਦੀ ਡਿਊਟੀ ਪ੍ਰੀਖਿਆ ਕੇਂਦਰਾਂ ’ਚ ਨਾ ਲਗਾਉਣ ਦੇ ਹੁਕਮਾਂ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ, ਜਿਸ ਦੇ ਮੱਦੇਨਜ਼ਰ ਤਿਹਾੜਾ ਸਕੂਲ ਦੀ ਅਧਿਆਪਕਾ ਜਿਨ੍ਹਾਂ ਦੀ ਰਿਟਾਇਰਮੈਂਟ ਫਰਵਰੀ ਦੇ ਅੰਤ ਵਿਚ ਹੈ, ਦੀ ਪ੍ਰੀਖਿਆ ਡਿਊਟੀ ਵੀ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਇੰਚਾਰਜ ਵੱਲੋਂ ਬੋਰਡ ਨੂੰ ਪੱਤਰ ਲਿਖ ਕੇ ਆਪਣੀ ਰਿਟਾਇਰਮੈਂਟ ਨੇੜੇ ਹੋਣ ਸਬੰਧੀ ਸੂਚਨਾ ਬੋਰਡ ਨੂੰ ਭੇਜੀ ਗਈ।

10ਵੀਂ ਦੇ ਪ੍ਰੀਖਿਆਰਥੀਆਂ ਨੂੰ ਮੁਸ਼ਕਲ ਲੱਗਾ ਪੰਜਾਬੀ ਦਾ ਪੇਪਰ

ਪੀ. ਐੱਸ. ਈ. ਬੀ. ਦੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਅੱਜ ਜ਼ਿਲੇ ਦੇ 310 ਪ੍ਰੀਖਿਆ ਕੇਂਦਰਾਂ ’ਚ ਸ਼ੁਰੂ ਹੋਈਆਂ। 10ਵੀਂ ਦੇ ਵਿਦਿਆਰਥੀਆਂ ਨੇ ਪੰਜਾਬੀ ਅਤੇ 12ਵੀਂ ਦੇ ਵਿਦਿਆਰਥੀਆਂ ਨੇ ਹੋਮ ਸਾਇੰਸ ਵਿਸ਼ੇ ਦੀ ਪ੍ਰੀਖਿਆ ਦਿੱਤੀ। 2 ਵਜੇ ਖਤਮ ਹੋਈ 10ਵੀਂ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦੇ ਕੇ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆਏ ਪ੍ਰੀਖਿਆਰਥੀਆਂ ਨੇ ਪਹਿਲਾਂ ਹੀ ਪੇਪਰ ਨੂੰ ਮੁਸ਼ਕਲ ਦੱਸਿਆ। ਪ੍ਰੀਖਿਆਰਥੀਆਂ ਨੇ ਕਿਹਾ ਕਿ ਪੇਪਰ ’ਚ ਪ੍ਰਸ਼ਨ ਘੁਮਾਰ ਕੇ ਪੁੱਛੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪੇਪਰ ਹੱਲ ਕਰਨ ’ਚ ਕਾਫੀ ਪ੍ਰੇਸ਼ਾਨੀ ਹੋਈ। ਕਈ ਅਧਿਆਪਕਾਂ ਨੇ ਵੀ ਦੱਸਿਆ ਕਿ ਪੇਪਰ ਟਫ ਸੀ। ਉਨ੍ਹਾਂ ਦੱਸਿਆ ਕਿ 15 ਅੰਕਾਂ ਦਾ ਪੇਪਰ ਤਾਂ ਸਮਝ ਤੋਂ ਹੀ ਬਾਹਰ ਸੀ। ਹੋਮ ਸਾਇੰਸ ਦੇ ਵਿਦਿਆਰਥੀਆਂ ਦਾ ਪੇਪਰ ਆਸਾਨ ਰਿਹਾ।

ਬੋਰਡ ਦੀ ਕਟ ਲਿਸਟ ’ਚ ਨਹੀਂ ਆਏ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਨਾਂ

ਹੈਬੋਵਾਲ ਕਲਾਂ ਦੇ ਸਰਕਾਰੀ ਸਕੂਲ ’ਚ ਓਪਨ ਸਕੂਲ ਦੇ ਪ੍ਰੀਖਿਆਰਥੀਆਂ ਦੇ ਬਣੇ ਪ੍ਰੀਖਿਆ ਕੇਂਦਰ ’ਚ ਪੇਪਰ ਦੇਣ ਪੁੱਜੇ ਕੁਝ ਵਿਦਿਆਰਥੀਆਂ ਨੂੰ ਉਸ ਸਮੇਂ ਮੁਸ਼ਕਲ ਪੇਸ਼ ਆਈ, ਜਦੋਂ ਉਨ੍ਹਾਂ ਦੇ ਨਾਂ ਬੋਰਡ ਦੀ ਕਟ ਲਿਸਟ ’ਚ ਨਹੀਂ ਪਾਏ ਗਏ। ਅਜਿਹੇ ’ਚ ਇਨ੍ਹਾਂ ਪ੍ਰੀਖਿਆਰਥੀਆਂ ਦਾ ਪੇਪਰ ਕੁਝ ਸਮਾਂ ਦੇਰ ਨਾਲ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਜਦੋਂ ਪ੍ਰੀਖਿਆ ਕੇਂਦਰ ਸਟਾਫ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪ੍ਰੀਖਿਆ ਕੇਂਦਰ ’ਚ ਪੇਪਰ ਦੇਣ ਪੁੱਜੇ ਕੁਝ ਪ੍ਰੀਖਿਆਰਥੀਆਂ ਦੇ ਨਾਂ ਬੋਰਡ ਵੱਲੋਂ ਕੇਂਦਰ ’ਚ ਭੇਜੀ ਗਈ ਕਟ ਲਿਸਟ ’ਚ ਨਹੀਂ ਹਨ ਤਾਂ ਉਨ੍ਹਾਂ ਨੇ ਤੁਰੰਤ ਬੋਰਡ ਨਾਲ ਸੰਪਰਕ ਕਰ ਕੇ ਉਕਤ ਤਕਨੀਕੀ ਖਾਮੀ ਨੂੰ ਦੂਰ ਕਰਵਾਇਆ ਅਤੇ ਪ੍ਰੀਖਿਆਰਥੀਆਂ ਦਾ ਪੇਪਰ ਸ਼ੁਰੂ ਕਰਵਾਇਆ।


Gurminder Singh

Content Editor

Related News