ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਬਦਸਲੂਕੀ ਦਾ ਸ਼ਿਕਾਰ ਹੋਏ ਕੰਡਕਟਰ ਦਾ ਪੱਖ ਆਇਆ ਸਾਹਮਣੇ
Tuesday, Sep 14, 2021 - 03:31 PM (IST)
ਫਰੀਦਕੋਟ (ਜਗਤਾਰ): ਬੀਤੇ ਕੱਲ੍ਹ ਫਰੀਦਕੋਟ ਦੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮ ਗੁਰਪਾਲ ਸਿੰਘ ਨੂੰ ਮੋਗਾ ਬੱਸ ਸਟੈਂਡ ਤੇ ਰੋਕ ਕੇ ਉਸ ਨੂੰ ਚੂੜੀਆਂ ਪਾਈਆ ਗਈਆਂ ਅਤੇ ਚੁੰਨੀ ਸਿਰ ’ਤੇ ਦੇ ਕੇ ਅਤੇ ਗਦਾਰ ਕਹਿ ਕੇ ਸ਼ਰਮਿੰਦਾ ਕੀਤਾ ਗਿਆ ਜਿਸ ਦੀ ਵਜ੍ਹਾ ਸੀ ਕਿ ਗੁਰਪਾਲ ਸਿੰਘ ਵੱਲੋਂ ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਦੀ ਚਲ ਰਹੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਉਹ ਹਿੱਸਾ ਨਾ ਬਣ ਕੇ ਆਪਣੀ ਡਿਊਟੀ ਦੇ ਰਿਹਾ ਸੀ।
ਇਹ ਵੀ ਪੜ੍ਹੋ : ਖ਼ੌਫਨਾਕ ਅੰਜਾਮ ਤਕ ਪਹੁੰਚੇ ਪ੍ਰੇਮ ਸਬੰਧ, ਕੁੜੀ ਦੇ ਪਰਿਵਾਰ ਵਲੋਂ ਕੁੱਟਮਾਰ ਕਰਨ ’ਤੇ ਮੁੰਡੇ ਨੇ ਕਰ ਲਈ ਖ਼ੁਦਕੁਸ਼ੀ
ਪਹਿਲਾਂ ਤਾਂ ਮੋਗਾ ਬੱਸ ਸਟੈਂਡ ਤੇ ਪਨਬਸ ਡਿੱਪੂ ਕੱਚੇ ਮੁਲਾਜ਼ਮਾਂ ਵੱਲੋਂ ਉਸ ਨੂੰ ਸ਼ਰਮਿੰਦਾ ਕੀਤਾ ਗਿਆ। ਫਿਰ ਉਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ।ਹੁਣ ਇਸ ਸਬੰਧ ’ਚ ਪੀ.ਆਰ.ਟੀ.ਸੀ. ਫਰੀਦਕੋਟ ਡਿੱਪੂ ਦੇ ਕੱਚੇ ਮੁਲਾਜ਼ਮ ਗੁਰਪਾਲ ਸਿੰਘ ਜਿਸ ਨਾਲ ਇਹ ਕਾਰਵਾਈ ਕੀਤੀ ਗਈ ਦਾ ਪੱਖ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਗੁਰਪਾਲ ਨੇ ਕਿਹਾ ਕਿ ਉਹ 6 ਸਤੰਬਰ ਤੋਂ ਚੱਲ ਰਹੀ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਦਾ ਹਿੱਸਾ ਨਹੀਂ ਬਣਿਆ ਸਗੋਂ ਪਹਿਲਾਂ ਵਾਂਗ ਆਪਣੀ ਡਿਊਟੀ ਤੇ ਜਾ ਰਿਹਾ ਸੀ ਪਰ ਕੱਲ੍ਹ ਜਦੋਂ ਫਰੀਦਕੋਟ ਤੋਂ ਮੋਗਾ ਰੂਟ ’ਤੇ ਚੱਲਣ ਵਾਲੀ ਬੱਸ ’ਚ ਜਦ ਆਪਣੀ ਡਿਊਟੀ ਤੇ ਗਿਆ ਤਾਂ ਫਰੀਦਕੋਟ ਡਿੱਪੂ ਦੇ ਹੜਤਾਲੀ ਮੁਲਾਜ਼ਮਾਂ ਨੇ ਇਸ ਦੀ ਸੂਚਨਾ ਮੋਗਾ ਡਿਪੂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਸ ਨੂੰ ਮੋਗਾ ਪਨਬਸ ਕੱਚੇ ਮੁਲਾਜ਼ਮਾਂ ਨੇ ਰੋਕ ਕੇ ਉਸ ਨਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ।ਉਸ ਨੇ ਕਿਹਾ ਕਿ ਨਾ ਤਾਂ ਉਹ ਪਹਿਲਾਂ ਇਸ ਹੜਤਾਲ ਦਾ ਹਿੱਸਾ ਬਣਿਆ ਸੀ ਅਤੇ ਨਾ ਹੀ ਅੱਗੇ ਉਹ ਹੜਤਾਲ ਦਾ ਹਿੱਸਾ ਬਣੇਗਾ।ਉਸ ਨੇ ਕਿਹਾ ਕਿ ਇਸ ਸਬੰਧੀ ਉਸ ਵੱਲੋਂ ਆਪਣੇ ਵਿਭਾਗ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਵਿਭਾਗ ਵੱਲੋਂ ਵੀ ਉਸ ਨਾਲ ਕਾਫੀ ਵਧੀਆ ਵਿਹਾਰ ਕੀਤਾ ਗਿਆ ਅਤੇ ਹੁਣ ਅੱਗੇ ਜੋ ਵੀ ਐਕਸ਼ਨ ਲੈਣਾ ਹੈ ਉਹ ਵਿਭਾਗ ਲਵੇਗਾ ਕਿਉਂਕਿ ਹੜਤਾਲੀ ਮੁਲਜ਼ਮਾਂ ਨੇ ਸਰਕਾਰੀ ਕੰਮ ’ਚ ਵਿਘਨ ਪਾਇਆ ਹੈ। ਇਸ ਲਈ ਵਿਭਾਗ ਆਪਣੇ ਪੱਧਰ ’ਤੇ ਕਾਰਵਾਈ ਕਰੇਗਾ ਉਹ ਆਪਣੇ ਨਿੱਜੀ ਤੌਰ ’ਤੇ ਕੋਈ ਕਾਰਵਾਈ ਨਹੀਂ ਕਰੇਗਾ।
ਇਹ ਵੀ ਪੜ੍ਹੋ : ਜਲੰਧਰ ’ਚ ਦਿਨ-ਦਿਹਾੜੇ ਵੱਡੀ ਵਾਰਦਾਤ, ਨਸ਼ਾ ਵੇਚਣ ਤੋਂ ਰੋਕਣ ’ਤੇ ਕੀਤਾ ਦੋਸਤ ਦਾ ਕਤਲ
ਇਸ ਮੌਕੇ ਫਰੀਦਕੋਟ ਪੀ.ਆਰ.ਟੀ.ਸੀ. ਡਿੱਪੂ ਦੇ ਕੱਚੇ ਮੁਲਾਜ਼ਮ ਆਗੂ ਜਸਪਾਲ ਸਿੰਘ ਅਤੇ ਧਰਮਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਮੋਗਾ ਵਿਖੇ ਜੋ ਵੀ ਘਟਨਾਕ੍ਰਮ ਵਾਪਰਿਆ ਉਸਦੀ ਅਸੀਂ ਨਿੰਦਾ ਕਰਦੇ ਹਾਂ। ਕਿਉਂਕਿ ਅਜਿਹਾ ਵਰਤਾਰਾ ਮੁਲਾਜ਼ਮ ਸਾਥੀ ਨਾਲ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਸ ਨਾਲ ਸਾਡੇ ਸੰਘਰਸ਼ ਨੂੰ ਢਾਅ ਲੱਗਦੀ ਹੈ ਅਤੇ ਅਸੀਂ ਕਿਸੇ ਨੂੰ ਮਜਬੂਰ ਨਹੀ ਕਰਦੇ ਇਹ ਮੁਲਾਜ਼ਮ ਦੀ ਮਰਜ਼ੀ ਹੈ ਕਿ ਉਹ ਹੜਤਾਲ ਦਾ ਹਿੱਸਾ ਬਣੇ ਯਾ ਨਾ ਪਰ ਫ਼ਿਰ ਵੀ ਸਾਡੇ ਵੱਲੋਂ ਉਸ ਨੂੰ ਵਾਰ-ਵਾਰ ਬੇਨਤੀ ਕੀਤੀ ਜਾਂਦੀ ਰਹੀ ਹੈ ਕਿ ਉਹ ਸਾਰਿਆਂ ਨਾਲ ਮਿਲ ਕੇ ਚੱਲੇ ਕਿਉਂਕਿ ਸਭ ਦੀਆਂ ਸਾਂਝੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕੀਤਾ ਜਾ ਰਿਹਾ ਹੈ।ਦੂਜੇ ਪਾਸੇ ਉਨ੍ਹਾਂ ਗੁਰਪਾਲ ਦੇ ਦੋਸ਼ਾਂ ਨੂੰ ਵੀ ਨਕਾਰਿਆ ਕੇ ਫਰੀਦਕੋਟ ਦੇ ਮੁਲਾਜ਼ਮਾਂ ਦੀ ਸੂਚਨਾ ਤੇ ਇਹ ਕਾਰਵਾਈ ਮੋਗਾ ਡਿੱਪੂ ਦੇ ਮੁਲਾਜ਼ਮਾਂ ਨੇ ਕੀਤੀ ਹੈ।ਉਨ੍ਹਾਂ ਕਿਹਾ ਕਿ ਅੱਜ ਨਹੀ ਤਾਂ ਕੱਲ੍ਹ ਇਹ ਸਾਡੇ ਨਾਲ ਮਿਲ ਕੇ ਹੀ ਚੱਲੇਗਾ ਇਸ ਲਈ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕੇ ਅੱਗੇ ਤੋਂ ਅਜਿਹਾ ਵਰਤਾਰਾ ਕਿਸੇ ਮੁਲਾਜ਼ਮ ਨਾਲ ਨਾ ਕੀਤਾ ਜਾਵੇ ਤਾਂ ਜੋ ਸਾਡਾ ਸੰਘਰਸ਼ ਕਮਜ਼ੋਰ ਨਾ ਹੋਵੇ।
ਇਹ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ’ਚ ਮੌਤ, ਗਮ ’ਚ ਡੁੱਬਾ ਪਰਿਵਾਰ