PRTC ਸਤੰਬਰ ਤੱਕ ਪੰਜਾਬ ਨੂੰ ਦੇਵੇਗੀ 2 ਨਵੇਂ ਬੱਸ ਅੱਡੇ

07/16/2019 12:40:50 AM

ਪਟਿਆਲਾ,(ਰਾਜੇਸ਼): ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਪੀ. ਆਰ. ਟੀ. ਸੀ. ਪੰਜਾਬ ਨਿਵਾਸੀਆਂ ਨੂੰ ਸਤੰਬਰ 2019 ਤੱਕ 2 ਨਵੇਂ ਅਤਿ ਆਧੁਨਿਕ ਬੱਸ ਅੱਡੇ ਮੁਹੱਈਆ ਕਰਵਾਏਗੀ। ਸ਼ਹੀਦਾਂ ਦੀ ਧਰਤੀ ਸਰਹਿੰਦ ਵਿਖੇ ਪੀ. ਆਰ. ਟੀ. ਸੀ. ਵਲੋਂ ਬੱਸ ਅੱਡੇ ਦਾ ਨਿਰਮਾਣ ਲਗਭਗ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਸ਼ਹੀਦੀ ਜੋੜ-ਮੇਲੇ ਦੌਰਾਨ ਸਰਹਿੰਦ 'ਚ ਬੱਸ ਅੱਡਾ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਮੰਡੀ ਬੋਰਡ ਨੇ ਪੀ. ਆਰ. ਟੀ. ਸੀ. ਨੂੰ ਲੀਜ਼ 'ਤੇ ਜਗ੍ਹਾ ਮੁਹੱਈਆ ਕਰਵਾ ਦਿੱਤੀ ਸੀ। ਇਸ ਬੱਸ ਸਟੈਂਡ 'ਤੇ ਪੀ. ਆਰ. ਟੀ. ਸੀ. 3.50 ਕਰੋੜ ਰੁਪਏ ਖਰਚ ਕਰੇਗੀ। ਪੰਜਾਬ ਸਰਕਾਰ ਨੇ ਇਸ ਸਬੰਧੀ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਬੱਸ ਅੱਡੇ ਦਾ 60 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਸਤੰਬਰ 2019 ਦੇ ਪਹਿਲੇ ਹਫਤੇ ਇਹ ਬੱਸ ਅੱਡਾ ਜਨਤਾ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਏ ਜਾਣ ਵਾਲੇ ਕੰਮਾਂ ਦੇ ਤਹਿਤ ਪੀ. ਆਰ. ਟੀ. ਸੀ. ਵਲੋਂ ਸੁਲਤਾਨਪੁਰ ਲੋਧੀ ਵਿਖੇ 5.73 ਕਰੋੜ ਦੀ ਲਾਗਤ ਨਾਲ ਨਵੇਂ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਮੰਤਵ ਲਈ ਸਥਾਨਕ ਸਰਕਾਰਾਂ ਵਿਭਾਗ ਵਲੋਂ ਫੰਡ ਮੁਹੱਈਆ ਕਰਵਾਏ ਗਏ ਹਨ। ਇੱਥੇ ਵੀ 44 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਹ ਬੱਸ ਅੱਡਾ ਵੀ ਸਤੰਬਰ 2019 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੀ. ਆਰ. ਟੀ. ਸੀ. ਵੱਲੋਂ ਪੰਜਾਬ ਵਾਸੀਆਂ ਨੂੰ ਬਿਹਤਰੀਨ ਅਤੇ ਸਸਤੀਆਂ ਟਰਾਂਸਪੋਰਟ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਪ੍ਰਾਈਵੇਟ ਨਾਲੋਂ ਪੀ. ਆਰ. ਟੀ. ਸੀ. ਦੀਆਂ ਬੱਸਾਂ 'ਚ ਬੈਠ ਕੇ ਵੱਧ ਸੁਰੱਖਿਅਤ ਮਹਿਸੂਸ ਕਰਦੇ ਹਨ।


Related News