ਪੰਥਕ ਜਥੇਬੰਦੀਆਂ ਦੀ ਨੇੜਤਾ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰਾ, ਬਦਲ ਸਕਦੇ ਨੇ ਸਿਆਸੀ ਸਮੀਕਰਨ
Friday, Jul 22, 2022 - 01:13 PM (IST)
ਅ੍ਰੰਮਿਤਸਰ- ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਅਤੇ ਹੋਰ ਪੰਥਕ ਜਥੇਬੰਦੀਆਂ ਦੀ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧੜਿਆਂ ਨਾਲ ਹੋ ਰਹੀ ਨੇੜਤਾ ਕਾਰਨ ਆਉਣ ਵਾਲੇ ਸਮੇਂ 'ਚ ਸੂਬੇ ’ਚ ਪੰਥਕ ਅਤੇ ਸਿਆਸੀ ਸਮੀਕਰਨ ਬਦਲ ਸਕਦੇ ਹਨ। ਬਦਲੇ ਜਾਣ ਵਾਲੇ ਸਿਆਸੀ ਸਮੀਕਰਨ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹੋ ਸਕਦੇ ਹਨ। ਦਰਅਸਲ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਦਿੱਲੀ ਕਮੇਟੀ ਦੇ ਆਗੂਆਂ ਨੇ ਦਿੱਲੀ ਵਿਖੇ ਇਕ ਵੱਖਰੀ ਜਥੇਬੰਦੀ ਬਣਾ ਲਈ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦਾ ਨਾਂ ਦਿੱਤਾ ਗਿਆ ਹੈ। ਇਸ ਨਵੀਂ ਜਥੇਬੰਦੀ ਨੂੰ ਪਾਰਟੀ ਚਿੰਨ੍ਹ ਵੀ ਮਿਲ ਗਿਆ ਹੈ। ਪਾਰਟੀ ਚਿੰਨ੍ਹ ਮਿਲਣ ਮਗਰੋਂ ਰੱਖੇ ਗਏ ਸਮਾਗਮ ਵਿੱਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੀ ਪੁੱਜੇ ਸਨ, ਜਿਨ੍ਹਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਾਲ ਨੇੜਤਾ ਜਤਾਈ ਹੈ।
ਦਮਦਮੀ ਟਕਸਾਲ ਦੇ ਮੁਖੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਰਹੇ ਹਨ। ਉਨ੍ਹਾਂ ਅਕਾਲੀ ਦਲ ਨਾਲ 2011 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਸਨ, ਜਿਸ ਵਿੱਚ ਦੋਵਾਂ ਧਿਰਾਂ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਉਹ ਵਿਧਾਨ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਸਮਰਥਨ ਦਿੰਦੇ ਰਹੇ ਹਨ। ਵਿਧਾਨ ਸਭਾ ਚੋਣਾਂ 'ਚ ਕਰਾਰੀ ਹਾਰ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਸੰਗਰੂਰ ਜ਼ਿਮਨੀ ਚੋਣ ਵਿੱਚ ਵੀ ਹਾਰ ਮਿਲੀ ਹੈ। ਮਿਲੀ ਕਰਾਰੀ ਹਾਰ ਤੋਂ ਬਾਅਦ ਹੀ ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਉੱਠਣ ਲੱਗੀ ਹੈ।
ਇਹ ਵੀ ਪੜ੍ਹੋ: ਗੋਰਾਇਆ: ਭੈਣਾਂ ਨੇ ਸਿਰ 'ਤੇ ਸਿਹਰਾ ਸਜਾ ਫੁੱਟਬਾਲ ਖਿਡਾਰੀ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਮਚਿਆ ਚੀਕ-ਚਿਹਾੜਾ
ਕੀ ਕਹਿਣਾ ਹੈ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਦਾ
ਉਥੇ ਹੀ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਦਾ ਇਕ ਵਾਰ ਦਿੱਲੀ ਕਮੇਟੀ ਦੇ ਸਮਾਗਮ ਵਿੱਚ ਸ਼ਾਮਲ ਹੋਣਾ ਇਹ ਸਾਬਤ ਨਹੀਂ ਕਰਦਾ ਕਿ ਉਹ ਅਕਾਲੀ ਦਲ ਤੋਂ ਦੂਰ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਲੀਹ ’ਤੇ ਲਿਆਉਣ ਸਬੰਧੀ ਨੀਤੀ ਉਲੀਕੀ ਗਈ ਹੈ ਅਤੇ ਜਥੇਬੰਦੀ ਨਾਲ ਸਬੰਧਤ ਵੱਖ-ਵੱਖ ਗਰੁੱਪਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ। ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇੰਝ ਨਿੱਜੀ ਤੌਰ ’ਤੇ ਕੀਤੀ ਗਈ ਮੰਗ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਪੰਜੋਲੀ ਬੋਲੇ, ਅਕਾਲੀ ਲੀਡਰਸ਼ਿਪ ਨੂੰ ਛੱਡ ਦੇਣੇ ਚਾਹੀਦੇ ਹਨ ਆਪਣੇ ਅਹੁਦੇ
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਦਾ ਕਹਿਣਾ ਹੈ ਕਿ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਮਗਰੋਂ ਪਾਰਟੀ ਦੀ ਸਾਖ ਨੂੰ ਢਾਹ ਲੱਗੀ ਹੈ, ਇਸੇ ਕਾਰਨ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਉੱਠ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਅੱਗੇ ਸਮਰਪਿਤ ਹੁੰਦਿਆਂ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਨਵੀਂ ਲੀਡਰਸ਼ਿਪ ਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਮੰਨਿਆ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਦੀ ਸਾਖ਼ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਰਾਸ਼ਟਰਪਤੀ ਚੋਣ ਵੇਲੇ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਲੀਹ ਤੋਂ ਹਟ ਕੇ ਲਏ ਫ਼ੈਸਲੇ ਦਾ ਹਵਾਲਾ ਵੀ ਦਿੱਤਾ ਹੈ।
ਇਹ ਵੀ ਪੜ੍ਹੋ: ਵਿਦੇਸ਼ੋਂ ਆਏ ਫੋਨ ਨੇ ਘਰ 'ਚ ਵਿਛਾਏ ਸੱਥਰ, ਮਾਹਿਲਪੁਰ ਦੇ ਵਿਅਕਤੀ ਦੀ ਲਿਬਨਾਨ ’ਚ ਸ਼ੱਕੀ ਹਾਲਾਤ ’ਚ ਮੌਤ