''ਟੋਲ ਪਲਾਜ਼ਾ ਸ਼ੁਰੂ ਕਰਨ ਤੋਂ ਪਹਿਲਾਂ ਬੁਨਿਆਦੀ ਸਹੂਲਤਾਂ ਦੇਣੀਆਂ ਅਤਿ ਜ਼ਰੂਰੀ''
Thursday, Oct 26, 2017 - 07:02 AM (IST)
ਧਨੌਲਾ (ਰਵਿੰਦਰ) – ਕੌਮੀ ਮੁੱਖ ਮਾਰਗ 'ਤੇ ਸਟੇਟ ਹਾਈਵੇ 'ਤੇ ਲਾਏ ਟੋਲ ਪਲਾਜ਼ਿਆਂ ਉਪਰ ਰਾਹਗੀਰਾਂ ਨੂੰ ਆਵਾਜਾਈ ਕਾਨੂੰਨ ਅਨੁਸਾਰ ਬੁਨਿਆਦੀ ਸਹੂਲਤਾਂ ਦੇਣੀਆਂ ਅਤਿ ਜ਼ਰੂਰੀ ਹਨ ਜੋ ਟੋਲ ਪਲਾਜ਼ਾ ਚਲਾ ਰਹੇ ਆਰਜ਼ੀ ਠੇਕੇਦਾਰਾਂ ਵੱਲੋਂ ਨਹੀਂ ਦਿੱਤੀਆਂ ਜਾ ਰਹੀਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਟੋਲ ਪਲਾਜ਼ਾ ਦੀ ਅਚਨਚੇਤ ਕੀਤੀ ਚੈਕਿੰਗ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜੇ ਹੰਡਿਆਇਆ ਚੌਕ ਵਾਲਾ ਪੁਲ ਅਧੂਰਾ ਹੈ, ਧਨੌਲਾ ਬਾਈਪਾਸ ਅਤੇ ਬਡਬਰ ਸੜਕ 'ਤੇ ਲਾਈਟਾਂ ਵੀ ਚਾਲੂ ਨਹੀਂ ਕੀਤੀਆਂ ਗਈਆਂ। ਇਥੋਂ ਤੱਕ ਕਿ ਪਲਾਜ਼ਾ 'ਤੇ ਨਾ ਤਾਂ ਕਰੇਨ ਹੀ ਸਹੀ ਹਾਲਤ 'ਚ ਹੈ, ਐਂਬੂਲੈਂਸ ਵਿਚ ਕੋਈ ਡਾਕਟਰੀ ਸਹੂਲਤਾਂ ਵਾਲੀ ਕਿੱਟ ਹੀ ਹੈ ਅਤੇ ਨਾ ਹੀ ਐਂਬੂਲੈਂਸ ਉੱਪਰ ਕੋਈ ਟੈਲੀਫੋਨ ਨੰਬਰ ਲਿਖਿਆ ਹੋਇਆ ਹੈ। ਉਨ੍ਹਾਂ ਡੀ. ਸੀ. ਬਰਨਾਲਾ ਨੂੰ ਅਧੂਰੇ ਪ੍ਰਬੰਧਾਂ ਨੂੰ ਪੂਰਾ ਕਰਵਾਉਣ ਲਈ ਕਿਹਾ। ਇਸ ਮੌਕੇ ਐੱਮ. ਐੱਲ. ਏ. ਹਰਪਾਲ ਸਿੰਘ ਚੀਮਾ, ਵਿਕਰਮ ਸਿੰਘ, ਸਤਿਨਾਮ ਸਿੰਘ ਆਦਿ ਹਾਜ਼ਰ ਸਨ।
