ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਭੇਜਣ ਦੀ ਨੀਤੀ ਵਿਰੁੱਧ ਧਰਨੇ ਦੂਜੇ ਦਿਨ ਵੀ ਜਾਰੀ

Tuesday, May 19, 2020 - 08:48 PM (IST)

ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰ ਭੇਜਣ ਦੀ ਨੀਤੀ ਵਿਰੁੱਧ ਧਰਨੇ ਦੂਜੇ ਦਿਨ ਵੀ ਜਾਰੀ

ਚੰਡੀਗੜ੍ਹ,(ਰਮਨਜੀਤ)- ਕੋਰੋਨਾ ਪਾਜ਼ੇਟਿਵ ਰਿਪੋਰਟਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ’ਚੋਂ ਕੱਢ ਕੇ ਘਰਾਂ ’ਚ ਭੇਜਣ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ’ਤੇ ਗਿਣ-ਮਿੱਥ ਕੇ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦੇ ਦੋਸ਼ ਲਾਉਂਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਕੱਲ੍ਹ ਤੋਂ ਡੀ. ਸੀ. ਦਫ਼ਤਰਾਂ ਅੱਗੇ ਸ਼ੁਰੂ ਕੀਤੇ ਧਰਨੇ ਅੱਜ ਦੂਜੇ ਦਿਨ ਵੀ ਜਾਰੀ ਰਹਿਣ ਦੇ ਨਾਲ-ਨਾਲ ਇਨ੍ਹਾਂ ਦਾ ਘੇਰਾ ਹੋਰਨਾਂ ਜ਼ਿਲਿਆਂ ਤੱਕ ਵੀ ਫੈਲ ਗਿਆ। ਕਿਸਾਨ ਤੇ ਖੇਤ ਮਜ਼ਦੂਰ ਮੰਗ ਕਰ ਰਹੇ ਹਨ ਕਿ ਲੱਛਣਾਂ ਤੋਂ ਬਗੈਰ ਪਰ ਕੋਰੋਨਾ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਘਰਾਂ ’ਚ ਭੇਜਣ ਦੀ ਕੇਂਦਰੀ ਨੀਤੀ ਰੱਦ ਕਰਕੇ ਘਰਾਂ ’ਚ ਭੇਜੇ ਮਰੀਜ਼ ਮੁੜ ਹਸਪਤਾਲਾਂ ’ਚ ਭਰਤੀ ਕਰਕੇ ਉਨ੍ਹਾਂ ਦੇ ਇਲਾਜ, ਸਾਂਭ-ਸੰਭਾਲ ਤੇ ਖਾਣ-ਪੀਣ ਦੇ ਪੁਖਤਾ ਪ੍ਰਬੰਧ ਸਰਕਾਰੀ ਤੌਰ ’ਤੇ ਕੀਤੇ ਜਾਣ, ਸਮੁੱਚੀਆਂ ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ’ਚ ਲਿਆ ਜਾਵੇ, ਠੇਕਾ ਭਰਤੀ ਦੀ ਨੀਤੀ ਰੱਦ ਕਰਕੇ ਸਮੂਹ ਸਿਹਤ ਕਰਮਚਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ, ਉਨ੍ਹਾਂ ਲਈ ਬਚਾਓ ਕਿੱਟਾਂ ਤੇ 50 ਲੱਖ ਰੁਪਏ ਦਾ ਬੀਮਾ ਯਕੀਨੀ ਕੀਤਾ ਜਾਵੇ, ਖਾਲੀ ਅਸਾਮੀਆਂ ਭਰੀਆਂ ਜਾਣ, ਆਰ. ਐੱਮ. ਪੀ. ਡਾਕਟਰਾਂ ਤੇ ਇਨ੍ਹਾਂ ਵਰਗੀਆਂ ਹੋਰ ਕੈਟਾਗਿਰੀਆਂ ਨੂੰ ਸਰਕਾਰੀ ਖੇਤਰ ’ਚ ਸ਼ਾਮਲ ਕੀਤਾ ਜਾਵੇ ਅਤੇ ਬਿਜਲੀ, ਜਲ ਸਪਲਾਈ ਤੇ ਆਵਾਜਾਈ ਆਦਿ ਖੇਤਰਾਂ ’ਚ ਨਿੱਜੀਕਰਨ ਦੀ ਨੀਤੀ ਰੱਦ ਕਰਕੇ ਸਮੂਹ ਮੁਲਾਜ਼ਮਾਂ ਦੀ ਪੱਕੀ ਭਰਤੀ ਦਾ ਨਿਯਮ ਲਾਗੂ ਕੀਤਾ ਜਾਵੇ।

ਦੋਵਾਂ ਜਥੇਬੰਦੀਆਂ ਦੇ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ 12 ਤੋਂ 4 ਵਜੇ ਤੱਕ ਰੋਜ਼ਾਨਾਂ ਦਿੱਤੇ ਜਾਣ ਵਾਲੇ ਇਹ ਧਰਨੇ ਅੱਜ ਦੂਜੇ ਦਿਨ ਵੀ ਸੰਗਰੂਰ, ਬਰਨਾਲਾ, ਮਾਨਸਾ, ਬਠਿੰਡਾ, ਮੋਗਾ ਤੇ ਸ਼੍ਰੀ ਮੁਕਤਸਰ ਸਾਹਿਬ ਦੇ ਡੀ. ਸੀ. ਦਫ਼ਤਰਾਂ ਅੱਗੇ ਅਤੇ ਫ਼ਤਹਿਗੜ੍ਹ ਚੂੜੀਆਂ ’ਚ ਤਹਿਸੀਲ ਹੈਡਕੁਆਰਟਰ ਅੱਗੇ ਜਾਰੀ ਰਹੇ ਜਦੋਂ ਕਿ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ ਦੇ ਜ਼ਿਲਾ ਹੈਡਕੁਆਰਟਰਾਂ ਅਤੇ ਜ਼ੀਰਾ ਤੇ ਪਾਇਲ ਦੇ ਤਹਿਸੀਲ ਦਫ਼ਤਰਾਂ ਅੱਗੇ ਵੀ ਇਹ ਧਰਨੇ ਸ਼ੁਰੂ ਕੀਤੇ ਗਏ।

ਅੱਜ ਦੇ ਧਰਨਿਆਂ ਨੂੰ ਜਸਵਿੰਦਰ ਸਿੰਘ ਸੋਮਾ, ਅਮਰੀਕ ਸਿੰਘ ਗੰਢੂਆਂ, ਗੁਰਪਾਲ ਸਿੰਘ ਨੰਗਲ, ਰਾਜਵਿੰਦਰ ਸਿੰਘ ਰਾਮਨਗਰ, ਮੇਜਰ ਸਿੰਘ ਕਾਲੇਕੇ, ਮਨਜੀਤ ਸਿੰਘ ਨਿਆਲ, ਜਸਪਾਲ ਸਿੰਘ ਨੰਗਲ, ਰਾਮ ਸਿੰਘ ਭੈਣੀਬਾਘਾ, ਤਰਸੇਮ ਸਿੰਘ ਖੁੰਡੇ ਹਲਾਲ, ਸੰਦੀਪ ਸਿੰਘ ਚੀਮਾ, ਹਰਬੰਸ ਸਿੰਘ ਕੋਟਲੀ, ਡਾ. ਕੁਲਦੀਪ ਸਿੰਘ ਮੱਤੇ ਨੰਗਲ, ਸੁਦਾਗਰ ਸਿੰਘ ਘੁਡਾਣੀ, ਦਲਜੀਤ ਸਿੰਘ, ਸਰਬਜੀਤ ਮੌੜ, ਰਮਨ ਕਾਲਾਝਾੜ, ਤੀਰਥ ਸਿੰਘ ਕੋਠਾਗੂਰੁ ਤੇ ਭਾਗ ਸਿੰਘ ਮਰਖਾਈ ਨੇ ਸੰਬੋਧਨ ਕੀਤਾ।


author

Bharat Thapa

Content Editor

Related News