ਟੀ. ਐੱਸ. ਯੂ. ਵੱਲੋਂ ਸਰਕਾਰ ਤੇ ਮੈਨੇਜਮੈਂਟ ਖਿਲਾਫ ਅਰਥੀ ਫੂਕ ਮੁਜ਼ਾਹਰਾ
Friday, Mar 02, 2018 - 05:35 AM (IST)

ਨੂਰਮਹਿਲ, (ਸ਼ਰਮਾ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਸੱਦੇ 'ਤੇ ਨੂਰਮਹਿਲ ਸਬ-ਡਵੀਜ਼ਨ ਵਿਖੇ ਮੁਲਾਜ਼ਮਾਂ ਨੇ ਗੇਟ ਬੰਦ ਕਰ ਕੇ ਰੋਸ ਰੈਲੀ ਕੀਤੀ ਅਤੇ ਬੋਰਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਅਰਥੀ ਟੀ. ਐੱਸ. ਯੂ. ਦੇ ਪ੍ਰਧਾਨ ਸੈਮੂਅਲ ਮਸੀਹ ਦੀ ਅਗਵਾਈ ਹੇਠ ਫੂਕੀ। ਰੈਲੀ ਨੂੰ ਸੰਬੋਧਨ ਕਰਦਿਆਂ ਟੀ. ਐੱਸ. ਯੂ. ਦੇ ਸੂਬਾ ਚੀਫ ਆਰਗੇਨਾਈਜ਼ਰ ਗੁਰਕਮਲ ਸਿੰਘ ਨੇ ਕਿਹਾ ਕਿ ਕੈਪਟਨ ਦੀ ਸਰਕਾਰ ਮੁਲਾਜ਼ਮਾਂ ਨੂੰ ਜੇਕਰ ਸਮੇਂ ਸਿਰ ਤਨਖਾਹ ਦੀ ਅਦਾਇਗੀ ਨਹੀਂ ਕਰਦੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਤਨਖਾਹਾਂ ਬੰਦ ਕਰ ਰਹੀ ਹੈ, ਥਰਮਲ ਪਲਾਂਟ ਬੰਦ ਕਰ ਰਹੀ ਹੈ, ਮੁਲਾਜ਼ਮਾਂ ਨੂੰ ਪੇ-ਬੈਂਡ ਨਹੀਂ ਦੇ ਰਹੀ, ਖਾਲੀ ਅਸਾਮੀਆਂ ਭਰਨ ਦੀ ਬਜਾਏ ਪੋਸਟਾਂ ਖਤਮ ਕਰ ਰਹੀ ਹੈ। ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੁੱਕਰ ਰਹੀ ਹੈ। ਜੁਆਇੰਟ ਫੋਰਮ ਵੱਲੋਂ ਉਲੀਕੇ ਸੰਘਰਸ਼ ਅਨੁਸਾਰ 1-3-2018 ਤੋਂ 15-3-2018 ਤੱਕ ਡਵੀਜ਼ਨਾਂ ਦੇ ਦਫਤਰਾਂ ਅੱਗੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। 31 ਮਾਰਚ 2018 ਤੱਕ ਮੁਲਾਜ਼ਮ ਵਰਕ-ਟੂ-ਰੂਲ ਅਨੁਸਾਰ ਕੰਮ ਕਰਨਗੇ ਤੇ ਬੋਰਡ ਦੇ ਮੈਂਬਰਾਂ-ਡਾਇਰੈਕਟਰਾਂ ਨੂੰ ਫੀਲਡ ਵਿਚ ਆਉਣ 'ਤੇ ਕਾਲੀਆਂ ਝੰਡੀਆਂ ਨਾਲ ਵਿਖਾਵੇ ਕੀਤੇ ਜਾਣਗੇ। ਮੁਲਾਜ਼ਮ ਮੰਗਾਂ ਨੂੰ ਲੈ ਕੇ 11-4-2018 ਦੀ ਇਕ ਦਿਨ ਦੀ ਹੜਤਾਲ ਕਰਨਗੇ। ਰੈਲੀ ਨੂੰ ਸ਼ਿੰਦਰ ਸਿੰਘ ਸਕੱਤਰ ਟੀ. ਐੱਸ. ਯੂ., ਵਿਜੇ ਸਿੰਘ, ਤਰਸੇਮ ਸਿੰਘ, ਰਣਵੀਰ ਸਿੰਘ, ਗਿਆਨ ਸਿੰਘ, ਨਿਰਮਲ ਸਿੰਘ, ਬਲਬੀਰ ਸਿੰਘ ਆਦਿ ਨੇ ਸੰਬੋਧਨ ਕੀਤਾ।