ਧਰਨੇ 'ਤੇ ਬੈਠੇ ਭੜਕੇ ਲੋਕ, ਟੈਂਕੀ 'ਤੇ ਚੜ੍ਹ ਸਰਕਾਰ ਨੂੰ ਦਿੱਤੀ ਚਿਤਾਵਨੀ
Thursday, Jun 04, 2020 - 01:45 PM (IST)
ਭਵਾਨੀਗੜ੍ਹ (ਵਿਕਾਸ, ਸੰਜੀਵ, ਕਾਂਸਲ) : ਲੋੜਵੰਦ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਸਥਾਨਕ ਫੂਡ ਸਪਲਾਈ ਦਫ਼ਤਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅਤੇ ਧਰਨੇ 'ਤੇ ਬੈਠੇ ਭੜ੍ਕੇ ਲੋਕਾਂ ਨੇ ਵੀਰਵਾਰ ਨੂੰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਫੂਡ ਸਪਲਾਈ ਦੇ ਦਫ਼ਤਰ ਨੂੰ ਜਿੰਦਾ ਲਗਾ ਕੇ ਵਿਭਾਗ ਦੇ 9 ਮੁਲਾਜ਼ਮਾਂ ਨੂੰ ਬੰਦੀ ਬਣਾ ਦਿੱਤਾ। ਇਸ ਮੌਕੇ 'ਆਪ' ਆਗੂ ਹਰਭਜਨ ਸਿੰਘ ਹੈਪੀ ਨੇ ਕਿਹਾ ਕਿ ਇੱਥੇ ਪਿਛਲੇ ਤਿੰਨ ਦਿਨਾਂ ਤੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨੇ ਅਤੇ ਭੁੱਖ ਹੜਤਾਲ 'ਤੇ ਬੈਠੇ ਗਰੀਬ ਲੋਕਾਂ ਦੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੁੱਧ ਨਹੀਂ ਲਈ ਜਾ ਰਹੀ ਹੈ, ਜਿਸ ਦੇ ਰੋਸ ਵੱਜੋਂ ਅੱਜ ਲੋਕਾਂ ਨੇ ਫੂਡ ਸਪਲਾਈ ਦੇ ਦਫ਼ਤਰ ਨੂੰ ਤਾਲਾ ਲਗਾ ਕੇ ਦਫ਼ਤਰ ਅੰਦਰ ਬੈਠੇ ਮੁਲਾਜ਼ਮਾਂ ਨੂੰ ਅੰਦਰ ਬੰਦ ਕਰ ਦਿੱਤਾ।
ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦੇ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗਰੀਬ ਲੋਕਾਂ ਦੇ ਨਾਂ ਦੁਬਾਰਾ ਸੂਚੀਆਂ 'ਚ ਦਰਜ ਨਹੀਂ ਕੀਤਾ ਗਿਆ ਤਾਂ ਇਸ ਤੋਂ ਵੱਡਾ ਸ਼ੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਦੂਜੇ ਪਾਸੇ ਦਫ਼ਤਰ 'ਚ ਬੰਦੀ ਬਣੇ ਵਿਭਾਗ ਦੇ ਇੰਸਪੈਕਟਰ ਮਾਨਣ ਸਿੰਘ ਸੋਢੀ ਸਮੇਤ ਹੋਰ ਮੁਲਾਜ਼ਮਾਂ ਨੇ ਕਿਹਾ ਕਿ ਸੂਚੀਆਂ ਮੁਤਾਬਕ ਹੀ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਅੱਜ ਲੋਕਾਂ ਵੱਲੋਂ ਦਫ਼ਤਰ ਨੂੰ ਤਾਲਾ ਲਗਾ ਕੇ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦੀ ਸੂਚਨਾ ਉਨ੍ਹਾਂ ਨੇ ਆਪਣੇ ਉੱਚਅਧਾਕਰੀਆਂ ਨੂੰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਦਫ਼ਤਰ ਨੂੰ ਤਾਲਾ ਲੱਗਾ ਸੀ ਅਤੇ ਮੁਲਾਜ਼ਮ ਅੰਦਰ ਹੀ ਬੰਦ ਸਨ। ਇਸ ਮੌਕੇ ਗੁਰਪ੍ਰੀਤ ਸਿੰਘ ਬਲਿਆਲ, ਗੁਲਾਬ ਖਾਨ ਫੱਗੂਵਾਲਾ, ਬਲਕਾਰ ਸਿੰਘ ਬਲਿਆਲ ਤੋਂ ਇਲਾਵਾ ਹਰਭਜਨ ਸਿੰਘ ਹੈਪੀ, ਨਿਰਮਲ ਸਿੰਘ ਭੜੋ ਆਦਿ ਹਾਜ਼ਰ ਸਨ।
ਪ੍ਰਦਰਸ਼ਨਕਾਰੀ ਪੈਟਰੋਲ ਲੈ ਕੇ ਚੜੇ ਟੈਂਕੀ 'ਤੇ
ਦਫ਼ਤਰ ਨੂੰ ਤਾਲਾ ਲਗਾ ਕੇ ਦਿੱਤੇ ਅਲਟੀਮੇਟਮ ਤੋਂ ਬਾਅਦ ਵੀ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਨਾ ਸਰਕੀ ਤਾਂ 'ਆਪ' ਆਗੂ ਹਰਭਜਨ ਸਿੰਘ ਹੈਪੀ, ਜਗਜੀਤ ਸਿੰਘ ਸਮੇਤ ਭੁੱਖ ਹੜਤਾਲ 'ਤੇ ਬੈਠੇ ਗੁਰਪ੍ਰੀਤ ਸਿੰਘ ਬਲਿਆਲ, ਗੁਲਾਬ ਖਾਨ ਅਤੇ ਬਲਕਾਰ ਬਲਿਆਲ ਸਰਕਾਰ ਖ਼ਿਲਾਫ ਪ੍ਰਦਰਸ਼ਨ ਕਰਦੇ ਹੋਏ ਦਫ਼ਤਰ 'ਚ ਹੀ ਸਥਿਤ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਟੈਂਕੀ 'ਤੇ ਚੜ੍ਹਨ ਤੋਂ ਬਾਅਦ ਧਰਨੇ ਦੀ ਨਿਗਰਾਨੀ ਕਰ ਰਹੇ ਪੁਲਸ ਮੁਲਾਜ਼ਮਾਂ ਨੂੰ ਹੱਥਾਂ ਪੈਰਾ ਦੀ ਪੈ ਗਈ।