ਧਰਨੇ 'ਤੇ ਬੈਠੇ ਚਾਚਾ-ਭਤੀਜਾ ਦੀ ਹਾਲਤ ਵਿਗੜੀ, ਦਰਖਤ ਨਾਲ ਬੰਨ੍ਹ ਲਾਇਆ ਗੁਲੂਕੋਜ਼
Tuesday, Sep 24, 2019 - 12:18 PM (IST)
ਫਿਲੌਰ (ਭਾਖੜੀ) : ਡੀ. ਐੱਸ. ਪੀ. ਦਫਤਰ ਦੇ ਬਾਹਰ ਨਿਆਂ ਲੈਣ ਲਈ ਸਰਪੰਚ ਕਾਂਤੀ ਮੋਹਨ ਦੇ ਨਾਲ ਧਰਨਾ ਦੇਣ ਆਏ ਪੀੜਤ ਚਾਚਾ-ਭਤੀਜਾ ਦੀ ਹਾਲਤ ਵਿਗੜ ਗਈ। ਧਰਨੇ ਵਾਲੀ ਜਗ੍ਹਾ 'ਤੇ ਹੀ ਦਰਖਤ ਦੇ ਨਾਲ ਬੰਨ੍ਹ ਕੇ ਡਾਕਟਰ ਨੇ ਗੁਲੂਕੋਜ਼ ਲਾਇਆ। ਕਾਂਤੀ ਮੋਹਨ ਨੇ ਕਿਹਾ ਕਿ ਉਹ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹੇ ਹਨ। ਆਖਰੀ ਸਾਹ ਤੱਕ ਲੜਾਈ ਲੜਨਗੇ।
ਡੀ. ਐੱਸ. ਪੀ. ਦਫਤਰ ਦੇ ਬਾਹਰ ਪਿੰਡ ਵਾਸੀਆਂ ਦੇ ਨਾਲ ਧਰਨੇ 'ਤੇ ਬੈਠੇ ਬਸਪਾ ਨੇਤਾ ਅਤੇ ਸਰਪੰਚ ਕਾਂਤੀ ਮੋਹਨ ਨੇ ਦੱਸਿਆ ਕਿ ਨੇੜਲੇ ਪਿੰਡ ਕੰਗ ਅਰਾਈਆਂ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਦੀ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਨਾਲ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ, ਜਿਸ 'ਤੇ ਦੂਜੀ ਧਿਰ ਦੇ ਲੋਕਾਂ ਨੇ ਉਸ ਖਿਲਾਫ ਦਿਲ 'ਚ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। 26 ਅਗਸਤ ਨੂੰ ਉਹ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਲਖਵਿੰਦਰ ਸਿੰਘ ਦੇ ਘਰ ਦਾਖਲ ਹੋਏ ਅਤੇ ਉਨ੍ਹਾਂ ਨੇ ਲਖਵਿੰਦਰ ਸਿੰਘ ਅਤੇ ਉਸ ਦੇ ਭਤੀਜੇ ਬਲਬੀਰ ਸਿੰਘ 'ਤੇ ਹਮਲਾ ਕਰ ਦਿੱਤਾ। ਉਸ ਹਮਲੇ 'ਚ ਉਨ੍ਹਾਂ ਨੇ ਲਖਵਿੰਦਰ ਦੀ ਬਾਂਹ ਅਤੇ ਉਸ ਦੇ ਭਤੀਜੇ ਦੀ ਲੱਤ ਤੋੜ ਦਿੱਤੀ। ਦੋਵੇਂ ਜ਼ਖਮੀ ਚਾਚਾ-ਭਤੀਜਾ ਨੂੰ ਦਯਾਨੰਦ ਹਸਪਤਾਲ 'ਚ ਪਰਿਵਾਰ ਵਾਲਿਆਂ ਨੇ ਲੱਖਾਂ ਰੁਪਏ ਖਰਚ ਕਰ ਕੇ ਇਲਾਜ ਕਰਵਾਇਆ। ਡਾਕਟਰਾਂ ਨੇ ਚਾਚੇ ਦੀ ਬਾਂਹ ਅਤੇ ਭਤੀਜੇ ਦੀ ਲੱਤ ਚਲਾਉਣ ਲਈ ਉਸ ਵਿਚ ਰਾਡ ਪਾ ਦਿੱਤੀ। ਦੋਵੇਂ ਚਾਚਾ-ਭਤੀਜਾ ਪੂਰੀ ਤਰ੍ਹਾਂ ਨਕਾਰਾ ਹੋ ਚੁੱਕੇ ਹਨ। ਇੰਨਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਪੁਲਸ ਨੇ ਦੋਸ਼ੀਆਂ ਦਾ ਸਾਥ ਦਿੰਦੇ ਹੋਏ ਉਨ੍ਹਾਂ ਵਿਰੁੱਧ ਮਾਮੂਲੀ ਧਾਰਾ ਲਾਉਂਦੇ ਹੋਏ ਪਰਚਾ ਦਰਜ ਕਰ ਦਿੱਤਾ ਅਤੇ ਉਨ੍ਹਾਂ ਧਾਰਾਵਾਂ 'ਚ ਉਨ੍ਹਾਂ ਦੀਆਂ ਜ਼ਮਾਨਤਾਂ ਲੈ ਕੇ ਉਨ੍ਹਾਂ ਨੂੰ ਛੱਡ ਵੀ ਦਿੱਤਾ। ਹੁਣ ਦੋਸ਼ੀ ਖੁੱਲ੍ਹੇਆਮ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ ਕਿ ਪਹਿਲਾਂ ਤਾਂ ਉਨ੍ਹਾਂ ਦੀ ਬਾਂਹ ਅਤੇ ਲੱਤ ਤੋੜੀ ਸੀ, ਜੇਕਰ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਾਪਸ ਨਾ ਲਈ ਤਾਂ ਅੰਜਾਮ ਹੋਰ ਵੀ ਜ਼ਿਆਦਾ ਬੁਰੇ ਭੁਗਤਣੇ ਪੈਣਗੇ।
ਪੀੜਤ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਨਿਆਂ ਲੈਣ ਲਈ ਲਗਾਤਾਰ ਪੁਲਸ ਥਾਣੇ ਦੇ ਗੇੜੇ ਕੱਢ ਰਹੇ ਹਨ ਪਰ ਸਥਾਨਕ ਪੁਲਸ ਉਨ੍ਹਾਂ ਦੀ ਇਕ ਨਹੀਂ ਸੁਣ ਰਹੀ, ਜਿਸ ਕਾਰਣ ਅੱਜ ਮਜਬੂਰ ਹੋ ਕੇ ਇਨਸਾਫ ਲੈਣ ਲਈ ਉਨ੍ਹਾਂ ਨੂੰ ਡੀ. ਐੱਸ. ਪੀ. ਦਫਤਰ ਦੇ ਬਾਹਰ ਧਰਨਾ ਦੇਣਾ ਪਿਆ। ਅੱਜ ਸਵੇਰੇ ਸਾਢੇ 10 ਵਜੇ ਦੋਵੇਂ ਜ਼ਖਮੀ ਚਾਚਾ-ਭਤੀਜਾ ਪਿੰਡ ਵਾਸੀਆਂ ਦੇ ਨਾਲ ਡੀ. ਐੱਸ. ਪੀ. ਦਫਤਰ ਦੇ ਬਾਹਰ ਧਰਨਾ ਦੇਣ ਪੁੱਜੇ ਤਾਂ ਉਨ੍ਹਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਉਹ ਉੱਥੇ ਹੀ ਆਪਣੀ ਸੁਧ-ਬੁਧ ਖੋ ਬੈਠੇ। ਡਾਕਟਰਾਂ ਨੇ ਉੱਥੇ ਪੁੱਜ ਕੇ ਉਨ੍ਹਾਂ ਦੀ ਜਾਂਚ ਕਰ ਕੇ ਦੱਸਿਆ ਕਿ ਉਨ੍ਹਾਂ ਨੂੰ ਜਲਦ ਹਸਪਤਾਲ ਦਾਖਲ ਕਰਵਾਉਣਾ ਪਵੇਗਾ। ਦੋਵਾਂ ਜ਼ਖਮੀਆਂ ਨੇ ਹਸਪਤਾਲ ਜਾਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ, ਇੱਥੋਂ ਨਹੀਂ ਉੱਠਣਗੇ। ਇਸ 'ਤੇ ਪਿੰਡ ਵਾਸੀਆਂ ਨੇ ਉੱਥੇ ਦੋ ਮੰਜੇ ਮੰਗਵਾ ਕੇ ਉਨ੍ਹਾਂ ਨੂੰ ਲਿਟਾ ਦਿੱਤਾ ਅਤੇ ਡਾਕਟਰ ਨੇ ਉੱਥੇ ਲੱਗੇ ਦਰਖਤ ਨਾਲ ਗੁਲੂਕੋਜ਼ ਦੀ ਬੋਤਲ ਟੰਗ ਕੇ ਉਨ੍ਹਾਂ ਨੂੰ ਲਾ ਦਿੱਤੀ। ਸਰਪੰਚ ਕਾਂਤੀ ਮੋਹਨ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਪੀੜਤਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਆਖਰੀ ਸਾਹ ਤੱਕ ਲੜਾਈ ਲੜਨਗੇ।
ਥਾਣਾ ਮੁਖੀ 'ਤੇ ਕਾਂਤੀ ਮੋਹਨ ਨੇ ਲਾਏ ਰਿਸ਼ਵਤ ਲੈਣ ਦੇ ਦੋਸ਼
ਡੀ. ਐੱਸ. ਪੀ. ਦਫਤਰ ਦੇ ਬਾਹਰ ਲੱਗੇ ਧਰਨੇ 'ਤੇ ਤਹਿਸੀਲਦਾਰ ਤਪਨ ਭਨੋਟ ਨਾਲ ਪੁੱਜੇ ਥਾਣਾ ਮੁਖੀ ਸੁੱਖਾ ਸਿੰਘ ਦੇ ਨਾਲ ਸਰਪੰਚ ਕਾਂਤੀ ਮੋਹਨ ਦੀ ਤਿੱਖੀ ਨੋਕ-ਝੋਕ ਹੋਈ। ਕਾਂਤੀ ਮੋਹਨ ਨੇ ਮੀਡੀਆ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਥਾਣਾ ਮੁਖੀ 'ਤੇ ਰਿਸ਼ਵਤ ਲੈਣ ਵਰਗੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਪੀੜਤਾਂ ਨੂੰ ਇਸ ਲਈ ਇਨਸਾਫ ਨਹੀਂ ਦੇ ਰਹੇ ਕਿਉਂਕਿ ਉਨ੍ਹਾਂ ਨੇ ਇਸ ਕੇਸ 'ਚ ਦੋਸ਼ੀ ਧਿਰ ਦੇ ਲੋਕਾਂ ਦੀ ਮਦਦ ਕਰਨ ਲਈ ਇਕ ਅਕਾਲੀ ਨੇਤਾ ਤੋਂ ਇਕ ਲੱਖ ਰੁਪਏ ਰਿਸ਼ਵਤ ਲਈ ਹੈ। ਇਹੀ ਕਾਰਣ ਹੈ ਕਿ ਉਨ੍ਹਾਂ ਨੇ ਨਾ ਤਾਂ ਘਰ 'ਤੇ ਹੋਏ ਹਮਲੇ ਦੀ ਧਾਰਾ ਲਾਈ ਅਤੇ ਨਾ ਹੀ ਬਾਂਹ ਅਤੇ ਲੱਤ ਤੋੜਣ ਦੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਵਿਰੁੱਧ ਦਰਜ ਕੇਸ 'ਚ ਧਾਰਾ ਦਾ ਇਜ਼ਾਫਾ ਨਾ ਕੀਤਾ ਤਾਂ ਉਹ ਆਉਣ ਵਾਲੇ ਦਿਨਾਂ 'ਚ ਉਸ ਅਕਾਲੀ ਆਗੂ ਨੂੰ ਵੀ ਬੇਨਕਾਬ ਕਰ ਦੇਣਗੇ ਜੋ ਪੁਲਸ ਨੂੰ ਰੁਪਏ ਦੇ ਕੇ ਗਲਤ ਕੰਮ ਕਰਵਾ ਰਿਹਾ ਹੈ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਸਬੰਧੀ ਡੀ. ਐੱਸ. ਪੀ. ਦਵਿੰਦਰ ਅਤਰੀ ਨੇ ਕਿਹਾ ਕਿ ਪੁਲਸ ਨੂੰ ਜਿਵੇਂ ਹੀ ਝਗੜੇ ਦੀ ਸ਼ਿਕਾਇਤ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜੋ ਜ਼ਮਾਨਤ 'ਤੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪੁਲਸ ਨੂੰ ਡਾਕਟਰੀ ਜਾਂਚ ਦੀ ਰਿਪੋਰਟ ਮਿਲਦੀ ਹੈ ਤਾਂ ਦਰਜ ਮੁਕੱਦਮੇ 'ਚ ਇਜ਼ਾਫਾ ਕੀਤਾ ਜਾਵੇਗਾ। ਦੋਸ਼ੀ ਕਿੰਨੇ ਵੀ ਉੱਚੀ ਪਹੁੰਚ ਵਾਲੇ ਕਿਉਂ ਨਾ ਹੋਣ, ਕਾਨੂੰਨ ਤੋੜਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।