ਨਸ਼ਿਆਂ ਦੇ ਖਿਲਾਫ ਕੱਢਿਆ ਰੋਸ ਮਾਰਚ ਅਤੇ ਕੀਤੀਆਂ ਬੈਠਕਾਂ (ਵੀਡੀਓ)
Sunday, Jul 01, 2018 - 10:44 AM (IST)
ਮੋਗਾ (ਬਿਊਰੋ) - ਪੰਜਾਬ 'ਚ ਜਿੱਥੇ ਚਿੱਟੇ ਦੇ ਖਿਲਾਫ ਜਿੱਥੇ 1 ਤੋਂ 7 ਜੁਲਾਈ ਤੱਕ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ, ਉਥੇ ਹੀ ਮੋਗਾ ਵਿਖੇ ਸ਼ਨੀਵਾਰ ਨੂੰ ਨਸ਼ੇ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ। ਸਮਾਜ ਸੇਵੀ ਸੰਸਥਾ ਅਤੇ ਸ਼ਹਿਰ ਦੇ ਲੋਕਾਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੇ ਵੀ ਇਸ ਮਾਰਚ 'ਚ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਹੱਥਾਂ 'ਚ ਬੈਨਰ ਫੜ ਕੇ ਨੌਜਵਾਨ ਪੀੜੀ ਨੂੰ ਨਸ਼ਾ ਨਾ ਕਰਨ ਦੀ ਅਪੀਲ ਕਰਦਿਆਂ ਲੋਕਾਂ ਨੂੰ ਪਰਚੇ ਅਤੇ ਕਾਲੀਆਂ ਪੱਟੀਆਂ ਵੱਡੀਆਂ।
ਇਸ ਮੌਕੇ ਆਪ ਦੇ ਆਗੂ ਗੁਰਦਿੱਤ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਫੈਲੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਮਲੋਟ 'ਚ ਵੀ ਪੁਲਸ ਪ੍ਰਸ਼ਾਸਨ ਨੇ ਨਸ਼ੇ ਦੇ ਖਿਲਾਫ ਕਮਰ ਕਸ ਲਈ ਹੈ। ਮਲੋਟ ਦੇ ਐੱਸ. ਪੀ. ਇਕਬਾਲ ਸਿੰਘ ਦੀ ਅਗਵਾਈ 'ਚ ਕੈਮਿਸਟ ਐਸੋਸੀਏਸ਼ਨ ਦੇ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਮਲੋਟ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਪੁਲਸ ਪ੍ਰਸ਼ਾਸਨ ਨੇ ਮੈਡੀਕਲ ਸਟੋਰ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਪਾਬੰਧੀ ਵਾਲੀਆਂ ਦਵਾਈਆਂ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਕੈਮਿਸਟ ਐਸੋਸੀਏਸ਼ਨ ਨੇ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ਪੁਲਸ ਪ੍ਰਸ਼ਾਸਨ ਨੂੰ ਵੀ ਭਰੋਸਾ ਦਿੰਦੇ ਹੋਏ ਸਹਿਯੋਗ ਦੇਣ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਪੰਜਾਬ ਦੇ ਕਈ ਨੌਜਵਾਨ ਨਸ਼ੇ ਦੀ ਲਪੇਟ 'ਚ ਆ ਚੁੱਕੇ ਹਨ। ਨਸ਼ੇ ਦੀ ਵਰਤੋਂ ਕਰਨ ਨਾਲ ਕਈ ਨੌਜਵਾਨਾਂ ਦੀ ਮੌਤ ਵੀ ਹੋ ਗਈ ਹੈ। ਲੋੜ ਹੈ ਕਿ ਸਰਕਾਰਾਂ ਸਮੇਤ ਲੋਕ ਇਕਜੁਟ ਹੋ ਕੇ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਵਧਾਵਾ ਦੇਣ ਤਾਂਕਿ ਇਸ ਬਿਮਾਰੀ ਨੂੰ ਪੰਜਾਬ 'ਚੋਂ ਖਤਮ ਕੀਤਾ ਜਾ ਸਕੇ।
