ਬਿਜਲੀ ਪਲਾਂਟ ਬੰਦ ਹੋਣ ਦੇ ਵਿਰੋਧ ''ਚ ਕੀਤਾ ਰੋਸ ਪ੍ਰਦਰਸ਼ਨ

11/23/2017 5:29:11 AM

ਬਠਿੰਡਾ, (ਬਲਵਿੰਦਰ)- 715 ਕਰੋੜ ਰੁਪਏ ਲਾ ਕੇ ਨਵੀਨੀਕਰਨ ਕੀਤੇ ਗਏ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਵਿਰੁੱਧ ਇੰਜੀਨੀਅਰਾਂ ਦੀ ਜਥੇਬੰਦੀ ਪੀ. ਐੱਸ. ਈ. ਬੀ. ਇੰਜੀਨੀਅਰਿੰਗ ਐਸੋਸੀਏਸ਼ਨ ਨੇ ਗੇਟ ਰੈਲੀ ਕਰਦਿਆਂ ਮੋਮਬੱਤੀਆਂ ਜਗਾ ਕੇ ਰੋਸ ਜ਼ਾਹਰ ਕੀਤਾ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਗੇਟ ਰੈਲੀ 'ਚ ਕੇਂਦਰੀ ਕਾਰਜਕਾਰਨੀ ਕਮੇਟੀ ਵੱਲੋਂ ਰਜਿੰਦਰ ਭਗਤ, ਸੁਖਵੰਤ ਸਿੰਘ ਧੀਮਾਨ ਅਤੇ ਪਰਮਿੰਦਰ ਬਾਂਸਲ ਵਿਸ਼ੇਸ਼ ਤੌਰ 'ਤੇ ਪਹੁੰਚੇ।
ਇਸ ਮੌਕੇ ਸੰਬੋਧਨ ਕਰਦਿਆਂ ਬਠਿੰਡਾ ਪ੍ਰਧਾਨ ਸੰਜੀਵ ਸੂਦ ਤੇ ਜਨਰਲ ਸਕੱਤਰ ਦਵਿੰਦਰ ਗੋਇਲ ਨੇ ਦੱਸਿਆ ਕਿ ਸਰਕਾਰ ਅਤੇ ਪਲਾਂਟ ਪ੍ਰਬੰਧਕ ਬਹਾਨਾ ਲਾ ਰਹੇ ਹਨ ਕਿ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਹਦਾਇਤਾਂ ਜਾਰੀ ਹੋਈਆਂ ਹਨ ਕਿ ਥਰਮਲ ਪਲਾਂਟ ਬੰਦ ਕੀਤੇ ਜਾਣ ਪਰ ਇਹ ਪੂਰਾ ਸੱਚ ਨਹੀਂ ਹੈ ਕਿਉਂਕਿ ਅਥਾਰਟੀ ਨੇ ਪ੍ਰਸਤਾਵ ਜ਼ਰੂਰ ਰੱਖਿਆ ਸੀ ਪਰ ਕੇਂਦਰੀ ਬਿਜਲੀ ਅਥਾਰਟੀ ਦੀ 2016 ਵਿਚ ਹੋਈ ਮੀÎਟਿੰਗ ਦੌਰਾਨ ਕਿਸੇ ਵੀ ਰਾਜ ਨੇ ਆਪਣੇ ਪਲਾਂਟ ਬੰਦ ਕਰਨ ਦੀ ਹਾਮੀ ਨਹੀਂ ਭਰੀ ਸੀ। ਕਮੇਟੀ ਨੇ ਕਿਹਾ ਸੀ ਕਿ ਉਹ ਪਲਾਂਟ ਬੰਦ ਕੀਤੇ ਜਾਣ, ਜਿੱਥੇ ਰੀ-ਹੀਟ ਦੀ ਸੁਵਿਧਾ ਨਹੀਂ ਹੈ ਜਾਂ ਪਲਾਂਟ ਦੀ ਸਮਰੱਥਾ 100 ਮੈਗਾਵਾਟ ਤੋਂ ਘੱਟ ਹੈ। ਬਠਿੰਡਾ ਪਲਾਂਟ ਦੀ ਸਮਰੱਥਾ ਵੀ 100 ਮੈਗਾਵਾਟ ਤੋਂ ਜ਼ਿਆਦਾ ਹੈ ਤੇ ਇੱਥੇ ਰੀ-ਹੀਟ ਦੀ ਸੁਵਿਧਾ ਵੀ ਹੈ। ਇਹ ਵੀ ਕਿਹਾ ਗਿਆ ਸੀ ਕਿ ਜਿਸ ਪਲਾਂਟ ਦਾ ਨਵੀਨੀਕਰਨ ਕਰਵਾਇਆ ਗਿਆ ਹੈ, ਉਸ ਨੂੰ ਘੱਟੋ-ਘੱਟ 10 ਸਾਲ ਹੋਰ ਚਲਾਇਆ ਜਾਵੇ, ਜਦਕਿ ਬਠਿੰਡਾ ਪਲਾਂਟ ਦੀਆਂ ਚਾਰ ਯੂਨਿਟਾਂ ਦਾ ਨਵੀਨੀਕਰਨ 715 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ, ਜਿਸ ਦਾ ਸਮਾਂ ਅਜੇ ਬਾਕੀ ਹੈ।
ਜੇਕਰ ਤਲਵੰਡੀ ਸਾਬੋ ਜਾਂ ਕਿਸੇ ਹੋਰ ਪਲਾਂਟ ਵਿਚ ਖਰਾਬੀ ਆਉਂਦੀ ਹੈ ਤਾਂ ਬਿਜਲੀ ਦੀ ਕਿੱਲਤ ਆ ਸਕਦੀ ਹੈ। ਅਜਿਹੀ ਸਥਿਤੀ ਵਿਚ ਬਠਿੰਡਾ ਪਲਾਂਟ ਹੀ ਕੰਮ ਆ ਸਕੇਗਾ ਪਰ ਜੇਕਰ ਇਹ ਪਲਾਂਟ ਬੰਦ ਕੀਤਾ ਜਾਂਦਾ ਹੈ ਤਾਂ ਬਿਜਲੀ ਦੀ ਕਿੱਲਤ ਸਮੇਂ ਬਹੁਤ ਮਹਿੰਗੀ ਬਿਜਲੀ ਖਰੀਦਣੀ ਪੈ ਸਕਦੀ ਹੈ। ਬੁਲਾਰਿਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਇੰਜੀਨੀਅਰਾਂ ਦੀਆਂ ਹੋਰ ਮੰਗਾਂ ਵੀ ਲਟਕੀਆਂ ਹੋਈਆਂ ਹਨ। ਜਦੋਂ ਤੱਕ ਇਹ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


Related News