ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ

Monday, Sep 26, 2022 - 06:21 PM (IST)

ਸੰਗਰੂਰ (ਦਲਜੀਤ ਸਿੰਘ ਬੇਦੀ) : ਸੰਗਰੂਰ ਜ਼ਿਲ੍ਹੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿਖੇ ਸਥਿਤ ਮੁੱਖ ਮੰਤਰੀ ਨਿਵਾਸ ਅੱਗੇ ਧਰਨੇ ਪ੍ਰਦਰਸ਼ਨ ਕਰਨ ਉਪਰ ਪਾਬੰਦੀ ਲਗਾਉਣ, ਧਰਨਾਕਾਰੀਆਂ ਨੂੰ ਜਬਰੀ ਚੁੱਕ ਕੇ ਦੂਰ ਦੁਰਾਡੇ ਛੱਡਣ ਅਤੇ ਉਨ੍ਹਾਂ ਦੇ ਟੈਂਟ ਅਤੇ ਸਾਮਾਨ ਨੂੰ ਜਬਤ ਕਰਨ ਦੀਆਂ ਗੈਰ ਸੰਵਿਧਾਨਕ ਅਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਖ਼ਿਲਾਫ਼ ਅੱਜ ਮੁੱਖ ਮੰਤਰੀ ਨਿਵਾਸ ਅੱਗੇ ਰੋਹ ਭਰਪੂਰ ਰੈਲੀ ਕੀਤੀ। ਇਹ ਰੈਲੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ। ਵੱਖ-ਵੱਖ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੈਂਕੜੇ ਆਗੂ ਅਤੇ ਕਾਰਕੁੰਨ ਪਟਿਆਲਾ ਰੋਡ ਉਪਰ ਬਾਈਪਾਸ ਵਾਲੇ ਫਲਾਈਓਵਰ ਹੇਠਾਂ ਇਕੱਠੇ ਹੋਏ ਅਤੇ ਰੋਹ ਭਰਪੂਰ ਰੈਲੀ ਕੀਤੀ। ਇਸ ਉਪਰੰਤ ਮੁੱਖ ਮੰਤਰੀ ਨਿਵਾਸ ਤੱਕ ਰੋਹ ਭਰਪੂਰ ਮੁਜ਼ਾਹਰਾ ਕਰਨ ਉਪਰੰਤ ਪ੍ਰਸ਼ਾਸਨ ਤੋਂ ਮੰਗਾਂ ਨੂੰ ਪੂਰਾ ਕਰਨ ਲਈ ਮੰਗ ਕੀਤੀ। ਪ੍ਰਸ਼ਾਸਨ ਵੱਲੋਂ 4 ਅਕਤੂਬਰ ਨੂੰ 4 ਵਜੇ ਮੀਟਿੰਗ ਫਿਕਸ ਕਰਨ ਉਪਰੰਤ ਹੀ ਮੁਜ਼ਾਹਰਾਕਾਰੀ ਸ਼ਾਂਤ ਹੋਏ।

ਇਹ ਵੀ ਪੜ੍ਹੋ : ਬੈਂਕ ਨਾਲ 25 ਲੱਖ ਰੁਪਏ ਦਾ ਘਪਲਾ ਕਰਨ ਵਾਲਾ ਭਗੌੜਾ ਵਿਜੀਲੈਂਸ ਵੱਲੋਂ ਕਾਬੂ

ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਿਸ ਦੱਸ ਕੇ ਸਤਾ 'ਤੇ ਕਾਬਜ਼ ਹੋਈ ਭਗਵੰਤ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਪਨਿਆਂ ਨੂੰ ਪੈਰਾਂ ਹੇਠ ਰੋਲ ਰਹੀ ਹੈ। ਸ਼ਹੀਦ ਭਗਤ ਸਿੰਘ ਅਤੇ ਬੀ. ਕੇ ਦੱਤ ਵੱਲੋਂ ਅੰਗਰੇਜ਼ ਸਰਕਾਰ ਵੱਲੋਂ ਸੰਘਰਸ਼ਾਂ ਉਪਰ ਪਾਬੰਦੀਆਂ ਲਗਾਉਣ ਅਤੇ ਸੰਘਰਸ਼ਸ਼ੀਲ ਲੋਕਾਂ ਉਪਰ ਜਬਰ ਕਰਨ ਲਈ ਪਾਸ ਕੀਤੇ ਜਾ ਰਹੇ ਪਬਲਿਕ ਸੇਫਟੀ ਐਕਟ ਖ਼ਿਲਾਫ਼ ਅਸੈਂਬਲੀ 'ਚ ਬੰਬ ਧਮਾਕੇ ਕਰਕੇ ਜਮਹੂਰੀ ਆਜ਼ਾਦੀਆਂ ਦਾ ਨਾਹਰਾ ਬੁਲੰਦ ਕੀਤਾ ਸੀ, ਪਰ 'ਆਪ' ਸਰਕਾਰ ਸੰਘਰਸ਼ਸ਼ੀਲ ਲੋਕਾਂ ਉਪਰ ਜਬਰ ਕਰਨ 'ਤੇ ਸੰਘਰਸ਼ ਕਰਨ ਉਪਰ ਪਾਬੰਦੀਆਂ ਲਗਾਉਣ ਦੇ ਰਾਹ ਪੈ ਗਈ ਹੈ। ਸਰਕਾਰ ਨੇ ਮੁੱਖ ਮੰਤਰੀ ਦੇ ਨਿਵਾਸ ਵਾਲੀ ਕਾਲੋਨੀ ਅੱਗੇ ਕੰਡਿਆਲੀ ਤਾਰ ਲਗਾ ਕੇ ਮੋਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਸੜਕਾਂ ਉੱਪਰ ਗੱਡੇ ਕਿੱਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਆਗੂਆਂ ਨੇ ਧਰਨਾਕਾਰੀਆਂ ਦੇ ਜਬਤ ਕੀਤੇ ਸਾਮਾਨ ਨੂੰ ਸੰਬੰਧਿਤ ਜਥੇਬੰਦੀਆਂ ਦੇ ਹਵਾਲੇ ਕਰਨ, ਧਰਨਾਕਾਰੀਆਂ ਨੂੰ ਜਬਰੀ ਚੁੱਕ ਕੇ ਦੂਰ ਦੁਰਾਡੇ ਛੱਡਣ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਲਗਾਈਆਂ ਪਾਬੰਦੀਆਂ ਤੁਰੰਤ ਖ਼ਤਮ ਕਰਨ ਦੀ ਮੰਗ ਕੀਤੀ।

PunjabKesari

ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਸੂਬਾ ਆਗੂ ਨਾਮਦੇਵ ਭੁਟਾਲ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਧਰਮ ਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ  ਹੈਪੀ ਸ਼ੇਰੋਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਪੀ ਆਰ ਐੱਸ ਯੂ ਦੇ ਆਗੂ ਮਨਜੀਤ ਸਿੰਘ ਨਮੋਲ, ਪੀ ਐੱਸ ਯੂ ਲਲਕਾਰ ਦੇ ਆਗੂ ਜਸਵਿੰਦਰ ਸਿੰਘ, ਡੀਟੀਐੱਫ ਦੇ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸੁਖਵਿੰਦਰ ਗਿਰ, ਆਦਾਰਾ ਤਰਕਸ਼ ਵਲੋਂ ਸੁਖਜਿੰਦਰ ਸਿੰਘ, ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਗੁਰਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਰਮ ਸਿੰਘ ਬਲਿਆਲ, ਪੀ ਐੱਸ ਐੱਸ ਐੱਫ ਦੇ ਆਗੂ ਸੀਤਾ ਰਾਮ ਸ਼ਰਮਾ, ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਹਰਜੀਤ ਸਿੰਘ ਬਾਲੀਆਂ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ ਹਥੋਆ ਨੇ ਸੰਬੋਧਨ ਕੀਤਾ। ਇਸ ਮੌਕੇ ਕੁਲਵਿੰਦਰ ਸਿੰਘ ਬੰਟੀ, ਬਬਲੂ, ਸਤਨਾਮ ਸਿੰਘ ਉਭਾਵਾਲ, ਕੁਲਵੰਤ ਸਿੰਘ ਖਨੌਰੀ, ਚਰਨਜੀਤ ਪਟਵਾਰੀ, ਹਰਭਗਵਾਨ ਗੁਰਨੇ ਅਤੇ ਅਮਨ ਵਸ਼ਿਸ਼ਟ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।


Mandeep Singh

Content Editor

Related News