ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਨਹਿਰੂ ਪਾਰਕ ''ਚ ਕੀਤਾ ਨਜ਼ਰਬੰਦ
Friday, Nov 24, 2017 - 07:47 AM (IST)

ਪਟਿਆਲਾ (ਬਲਜਿੰਦਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਆਂਗਣਵਾੜੀ ਵਰਕਰਜ਼ ਨੂੰ ਪੁਲਸ ਨੇ ਨਹਿਰੂ ਪਾਰਕ ਵਿਚ ਨਜ਼ਰਬੰਦ ਕਰ ਲਿਆ ਹੈ। ਪੰਜਾਬ ਦੇ ਬਾਕੀ ਸ਼ਹਿਰਾਂ ਵਿਚ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਬਾਹਰ ਭੁੱਖ ਹੜਤਾਲ ਕਰ ਕੇ ਧਰਨੇ ਦੇ ਰਹੀਆਂ ਹਨ। ਪਟਿਆਲਾ ਵਿਚ ਆਂਗਣਵਾੜੀ ਵਰਕਰਜ਼ ਵੱਲੋਂ ਜ਼ਿਲਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਨਹਿਰੂ ਪਾਰਕ ਵਿਚ ਹੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੇ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ 3 ਤੋਂ 6 ਸਾਲ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਕੇ ਪ੍ਰਾਇਮਰੀ ਸਕੂਲਾਂ ਵਿਚ ਦਾਖਲ ਕਰਨ ਦਾ ਫ਼ੈਸਲਾ ਲਿਆ ਹੈ। ਇਹ ਸਿੱਧਾ ਹੀ ਰਾਜ ਦੀਆਂ 54 ਹਜ਼ਾਰ ਵਰਕਰਜ਼ ਅਤੇ ਹੈਲਪਰਜ਼ ਦੇ ਬੱਚਿਆਂ ਦੇ ਮੂੰਹ 'ਚੋਂ ਰੋਟੀ ਖੋਹਣਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਗੱਲ ਕੀਤੇ ਬਿਨਾਂ ਅਤੇ ਆਈ. ਸੀ. ਡੀ. ਐੱਸ. ਸਕੀਮ 'ਤੇ ਪ੍ਰੀ-ਪ੍ਰਾਇਮਰੀ ਦੇ ਲਾਭ-ਹਾਨੀ ਦਾ ਜਾਇਜ਼ਾ ਲਏ ਬਿਨਾਂ ਹੀ ਇਹ ਫ਼ੈਸਲਾ ਲਾਗੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਰਾਜ ਵਿਚ ਚੱਲ ਰਹੇ 26833 ਆਂਗਣਵਾੜੀ ਕੇਂਦਰ ਉੱਜੜੇ ਬਾਗ ਬਣ ਗਏ ਹਨ। ਇਸ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਨੂੰ ਜਗਾਉਣ ਲਈ ਅੱਜ ਖਾਲੀ ਭਾਂਡੇ ਖੜਕਾਉਂਦੇ ਹੋਏ ਮੰਗ ਕੀਤੀ ਕਿ ਈ. ਸੀ. ਸੀ. ਈ. ਪਾਲਿਸੀ ਤਹਿਤ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰਾਂ ਦਾ ਅਨਿੱਖੜਵਾਂ ਅੰਗ ਹਨ ਅਤੇ ਪ੍ਰੀ-ਪ੍ਰਾਇਮਰੀ ਆਈ. ਸੀ. ਡੀ. ਐੱਸ. ਦੀਆਂ ਸੇਵਾਵਾਂ ਵਿਚੋਂ ਮੁੱਖ ਸੇਵਾ ਹੈ। ਇਸੇ ਤਹਿਤ ਪ੍ਰੀ-ਪ੍ਰਾਇਮਰੀ ਆਂਗਣਵਾੜੀ ਕੇਂਦਰਾਂ ਵਿਚ ਜਾਰੀ ਰਖਦਿਆਂ 3 ਤੋਂ 6 ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿਚ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਯੂਨੀਅਨ ਨਾਲ ਗੱਲਬਾਤ ਕੀਤੇ ਬਿਨਾਂ ਭੱਜ ਨਹੀਂ ਸਕਦੇ। ਵਾਰ-ਵਾਰ ਸੂਬੇ ਦੀ ਅੱਧੀ ਆਬਾਦੀ ਦੀਆਂ ਤਕਲੀਫਾਂ ਨੂੰ ਬਿਨਾਂ ਸੁਣੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕੈਪਟਨ ਅਮਰਿੰਦਰ ਦੇ ਬਿਆਨ ਦਾ ਖੰਡਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਕ ਪਾਸੇ ਤਾਂ ਨਾਰੀ ਸ਼ਕਤੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਦੂਜੇ ਪਾਸੇ ਆਂਗਣਵਾੜੀ ਕੇਂਦਰਾਂ ਵਿਚ ਲੱਗੀਆਂ ਵਰਕਰਜ਼ ਤੇ ਹੈਲਪਰਜ਼ ਨੂੰ ਵਿਹਲੇ ਕੀਤਾ ਜਾ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਡਿਊਟੀ ਕਰ ਰਹੀਆਂ ਵਰਕਰਜ਼ ਤੇ ਹੈਲਪਰਜ਼ ਨੂੰ ਪੱਕਾ ਕੀਤਾ ਜਾਵੇ।
ਇਸ ਮੌਕੇ ਰਾਜ ਕੌਰ, ਮਾਇਆ, ਪ੍ਰੇਮ ਸੈਣੀ, ਪਰਮਜੀਤ ਕੌਰ, ਮਨਜੀਤ ਕੌਰ, ਸੁਨੀਤਾ ਜੋਸ਼ੀ, ਮਨਦੀਪ ਕੌਰ, ਜਗਦੀਪ ਕੌਰ, ਨੀਲਮ, ਕ੍ਰਿਪਾਲ ਕੌਰ, ਰਾਜਿੰਦਰ ਕੌਰ, ਗੁਰਮੇਲ ਕੌਰ, ਵੀਨਾ ਰਾਣੀ, ਗੁਰਪ੍ਰੀਤ ਕੌਰ, ਰਜਵੰਤ, ਮਨਰੀਤ ਕੌਰ ਤੇ ਰਿੰਪੀ ਆਦਿ ਮੌਜੂਦ ਸਨ।