ਕਿਸਾਨ ਆਗੂਆਂ ਨੇ ਅਰਥੀ ਫੂਕ ਮੁਜ਼ਾਹਰਾ ਕੀਤਾ
Saturday, Nov 04, 2017 - 07:54 AM (IST)

ਨਿਹਾਲ ਸਿੰਘ ਵਾਲਾ (ਬਾਵਾ/ਜਗਸੀਰ) - ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਕਮੇਟੀ ਖਾਈ ਵੱਲੋਂ ਜਥੇਬੰਦੀ ਦੇ ਜ਼ਿਲਾ ਪ੍ਰੈੱਸ ਸਕੱਤਰ ਸੁਦਾਗਰ ਸਿੰਘ ਖਾਈ ਦੀ ਅਗਵਾਈ ਹੇਠ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਪਿੰਡ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਕਿਸਾਨ ਆਗੂ ਸੁਦਾਗਰ ਸਿੰਘ ਖਾਈ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਟਰੈਕਟਰਾਂ 'ਤੇ ਟੈਕਸ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲਾਂ 'ਚ ਕੀਤੇ ਗਏ ਭਾਰੀ ਵਾਧੇ ਤੋਂ ਇਲਾਵਾ ਪਾਲਤੂ ਜਾਨਵਰਾਂ 'ਤੇ ਟੈਕਸ ਲਾਉਣ ਦੀਆਂ ਤਿਆਰੀਆਂ ਦਾ ਆਮ ਲੋਕਾਂ ਵੱਲੋਂ ਭਾਰੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ 'ਚ ਸਰਕਾਰਾਂ ਦੀਆਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ।
ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖਤਮ ਕਰਨ ਸਬੰਧੀ ਵੀ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੋਈ ਬਦਲਵਾਂ ਰੂਪ ਨਹੀਂ ਦਿੱਤਾ, ਸਗੋਂ ਕਿਸਾਨਾਂ 'ਤੇ ਉਲਟਾ ਪਰਚੇ ਦਰਜ ਕੀਤੇ ਹਨ, ਜਿਸ ਦਾ ਸਾਡੀ ਜਥੇਬੰਦੀ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਡਟ ਕੇ ਵਿਰੋਧ ਕਰਦੀ ਹੈ ਅਤੇ ਕਿਸਾਨਾਂ ਦੇ ਹੱਕ 'ਚ ਡਟ ਕੇ ਖੜ੍ਹੇਗੀ।
ਇਸ ਮੌਕੇ ਚੰਦ ਸਿੰਘ, ਰਾਣੀ ਕੌਰ, ਭੋਲੀ ਕੌਰ, ਅਮਰ ਕੌਰ, ਨਸੀਬ ਕੌਰ, ਧੰਨਾ ਸਿੰਘ, ਕਾਲਾ ਸਿੰਘ, ਤੇਜਾ ਸਿੰਘ, ਸੀਰਾ ਸਿੰਘ, ਛਿੰਦਰਪਾਲ ਕੌਰ, ਸੁਰਜੀਤ ਕੌਰ, ਗੁਰਮੇਲ ਕੌਰ, ਹਰਮੀਤ ਕੌਰ, ਜੰਗੀਰ ਕੌਰ, ਊਸ਼ਾ ਰਾਣੀ, ਸੁਖਦੇਵ ਕੌਰ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਅਤੇ ਔਰਤਾਂ ਹਾਜ਼ਰ ਸਨ।