ਹਿਰਾਸਤ ’ਚ ਲਏ ਲੋਕਾਂ ਨੂੰ ਛੁਡਾਉਣ ਲਈ ਥਾਣੇ ਮੂਹਰੇ ਦਿੱਤਾ ਧਰਨਾ

Sunday, Jul 22, 2018 - 07:52 AM (IST)

ਹਿਰਾਸਤ ’ਚ ਲਏ ਲੋਕਾਂ ਨੂੰ ਛੁਡਾਉਣ ਲਈ ਥਾਣੇ ਮੂਹਰੇ ਦਿੱਤਾ ਧਰਨਾ

 ਮਲੋਟ (ਗੋਇਲ) – ਬੀਤੇ ਦਿਨੀਂ ਪਿੰਡ ਕਿੰਗਰਾ ਵਿਖੇ ਹੋਈ ਇਕ ਚੋਰੀ ਦੀ ਘਟਨਾ ਵਿਚ ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਨ੍ਹਾਂ ਲੋਕਾਂ ਨੂੰ ਛੁਡਾਉਣ ਲਈ ਪਿੰਡ ਵਾਸੀਅਾਂ ਨੇ ਥਾਣਾ ਸਿਟੀ ਮਲੋਟ  ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਜਾਣਕਾਰੀ  ਅਨੁਸਾਰ ਬੀਤੇ ਦਿਨੀਂ ਪਿੰਡ ਕਿੰਗਰਾ ਦੇ ਇਕ ਘਰ ’ਚ ਚੋਰੀ ਹੋ ਗਈ ਸੀ, ਜਿਸ ਵਿਚ ਚੋਰਾਂ ਨੇ ਰਾਤ ਘਰ ਦਾ ਤਾਲਾ ਤੋਡ਼ ਕੇ ਅਲਮਾਰੀ ਵਿਚ ਪਏ ਸੋਨੇ  ਦੇ ਗਹਿਣੇ ਚੋਰੀ ਕਰ ਲਏ ਸਨ, ਜਿਨ੍ਹਾਂ ਦੀ ਕੀਮਤ ਲਗਭਗ 20 ਹਜ਼ਾਰ ਦੱਸੀ ਜਾ ਰਹੀ ਸੀ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਦਿਅਾਂ ਕੁਝ ਲੋਕਾਂ ਦੇ ਨਾਂ ਸ਼ੱਕ ਦੇ ਅਾਧਾਰ ’ਤੇ ਨੋਟ ਕੀਤੇ ਸਨ, ਜਿਨ੍ਹਾਂ ਵਿਚੋਂ 3 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।  ਹਿਰਾਸਤ ਵਿਚ ਲਏ  ਲੋਕਾਂ ਦਾ ਨਾਂ ਗੁਰਵਿੰਦਰ ਸਿੰਘ, ਨਵਦੀਪ ਸਿੰਘ ਤੇ ਕੁਲਦੀਪ ਸਿੰਘ ਦੱਸਿਆ ਗਿਆ ਹੈ।
 ਪਿੰਡ ਵਾਸੀਅਾਂ ਦਾ ਦੋਸ਼ ਹੈ ਕਿ ਜਿਸ ਘਰ ਵਿਚ ਚੋਰੀ ਹੋਈ ਸੀ। ਉਨ੍ਹਾਂ ਦਾ ਇਕ ਵਿਅਕਤੀ ਪੁਲਸ ਵਿਭਾਗ ਵਿਚ ਹੈ, ਜਿਸ ਕਾਰਨ ਪੁਲਸ ਨੇ ਨਿਰਦੋਸ਼ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਲੋਕਾਂ ਨੇ ਰੋਸ ਵਿਚ ਆ ਕੇ ਥਾਣਾ ਸਿਟੀ ਮਲੋਟ ਦੇ ਮੂਹਰੇ ਧਰਨਾ ਦੇ ਦਿੱਤਾ।
ਧਰਨਾਕਾਰੀਅਾਂ ਵਿਚ ਸ਼ਾਮਲ ਜਗਨੰਦਨ ਸਿੰਘ, ਰਜਿੰਦਰ ਸਿੰਘ, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਪਰਮਜੀਤ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਪੁਲਸ ਨੇ ਦਬਾਅ ਵਿਚ ਆ ਕੇ ਇਨ੍ਹਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ, ਜਦਕਿ ਇਨ੍ਹਾਂ ਦਾ ਚੋਰੀ ਦੇ ਮਾਮਲੇ  ਨਾਲ ਕੋਈ ਦੂਰ-ਨੇਡ਼ੇ ਦਾ ਵਾਸਤਾ ਨਹੀਂ ਹੈ। ਧਰਨਾਕਾਰੀਅਾਂ ਨੂੰ ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਭਰੋਸਾ ਦਿੱਤਾ ਕਿ ਜਾਂਚ-ਪਡ਼ਤਾਲ ਅਤੇ ਪੁੱਛਗਿੱਛ ਮਗਰੋਂ ਇਨ੍ਹਾਂ ਲੋਕਾਂ ਨੂੰ ਛੱਡ ਦਿੱਤਾ ਜਾਵੇਗਾ ਪਰ ਧਰਨਾਕਾਰੀ ਲੋਕਾਂ ਨੂੰ ਛੱਡਣ ਦੀ ਮੰਗ ’ਤੇ ਅਡ਼ੇ ਰਹੇ, ਜਿਸ ’ਤੇ ਪੁਲਸ ਨੇ ਉਨ੍ਹਾਂ ਲੋਕਾਂ ਨੂੰ ਰਿਹਾਅ ਕਰ ਦਿੱਤਾ ਅਤੇ ਲੋਕਾਂ ਨੇ ਧਰਨਾ ਖਤਮ ਕਰ ਦਿੱਤਾ।

 


Related News