ਨਗਰ ਕੌਂਸਲ ਦੇ ਕਾਮਿਆਂ ਵੱਲੋਂ ਰੋਸ ਪ੍ਰਦਰਸ਼ਨ

Friday, Feb 23, 2018 - 12:24 AM (IST)

ਰੂਪਨਗਰ, (ਵਿਜੇ)- ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਮਿਊਂਸੀਪਲ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਮੈਂਬਰ ਲਖਵੀਰ ਸਿੰਘ, ਪ੍ਰਧਾਨ ਦੀਪਕ ਕੁਮਾਰ, ਸਫਾਈ ਮਜ਼ਦੂਰ ਸੰਘ ਯੂਨੀਅਨ ਦੀ ਪ੍ਰਧਾਨ ਰਾਜ ਰਾਣੀ, ਸੰਯੁਕਤ ਐਕਸ਼ਨ ਕਮੇਟੀ ਦੇ ਪ੍ਰਧਾਨ ਸਲੀਮ ਖਾਨ, ਕੰਟਰੈਕਟ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪ੍ਰਵੀਨ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਾਫੀ ਚਿਰ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਜਦੋਂਕਿ ਠੇਕੇਦਾਰੀ ਪ੍ਰਥਾ ਸਮਾਪਤ ਕਰਨਾ, ਪੀ. ਐੱਫ. ਸਮੇਂ 'ਤੇ ਖਾਤਿਆਂ 'ਚ ਪਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਦੇਣਾ, ਸੀਵਰਮੈਨਾਂ, ਮਾਲੀਆਂ, ਬੇਲਦਾਰਾਂ, ਪੰਪ ਆਪ੍ਰੇਟਰਾਂ, ਕੰਪਿਊਟਰ ਆਪ੍ਰੇਟਰਾਂ, ਇਲੈਕਟਰੀਸ਼ਨ, ਕਲਰਕ, ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਰੈਗੂਲਰ ਕਰਨਾ, ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਨਵੀਂ ਭਰਤੀ ਕਰਨਾ, ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਦੇਣਾ, ਪੁਰਾਣੀ ਸਕੀਮ ਸਮੇਤ ਸਾਰੇ ਲਾਭ ਦਿੱਤੇ ਜਾਣ, ਸਫਾਈ ਕਰਮਚਾਰੀ ਲਈ ਸਪੈਸ਼ਲ ਭੱਤਾ 1000 ਰੁ. ਪ੍ਰਤੀ ਮਹੀਨਾ ਕੀਤਾ ਜਾਵੇ, ਤਰਸ ਦੇ ਆਧਾਰ 'ਤੇ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ, ਆਦਿ ਮੰਗਾਂ ਸ਼ਾਮਲ ਹਨ। ਉਕਤ ਮੰਗਾਂ ਦੇ ਸਬੰਧ 'ਚ ਜਲਦ ਨੀਤੀ ਅਮਲ 'ਚ ਲਿਆਂਦੀ ਜਾਵੇ, ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਫਾਈ ਮਜ਼ਦੂਰ ਸੰਘ ਯੂਨੀਅਨ ਦੇ ਜਨਰਲ ਸਕੱਤਰ ਰਾਜ ਕੁਮਾਰ, ਲਖਵੀਰ ਸਿੰਘ, ਅਸ਼ੋਕ ਕੁਮਾਰ, ਵਿਨੋਦ ਕੁਮਾਰ, ਰਾਜ ਕੁਮਾਰ ਡੱਬੀ ਤੇ ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।


Related News