ਖੇਤ ਮਜ਼ਦੂਰਾਂ ਨੇ ਫੂਕੀ ਪੰਜਾਬ ਸਰਕਾਰ ਦੀ ਅਰਥੀ

Friday, Jun 23, 2017 - 07:41 AM (IST)

ਸ੍ਰੀ ਮੁਕਤਸਰ ਸਾਹਿਬ  (ਪਵਨ, ਭੁਪਿੰਦਰ) - ਕਿਸਾਨ ਵਰਗ ਦੇ ਨਾਲ ਖੇਤੀ ਧੰਦੇ 'ਚ ਜੁੜੇ ਖੇਤ ਮਜ਼ਦੂਰ ਵੀ ਲੰਬੇ ਸਮੇਂ ਤੋਂ ਖੇਤੀ ਖੇਤਰ 'ਚ ਆ ਰਹੀਆਂ ਦੁਸ਼ਵਾਰੀਆਂ ਨਾਲ ਦੋ-ਚਾਰ ਹੋ ਰਹੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਕਿਸਾਨਾਂ ਨਾਲੋਂ ਵੱੱਧ ਹਨ। ਖੇਤੀ ਦਾ ਮਸ਼ੀਨੀ ਕਰਨ ਹੋਣ ਨਾਲ ਉਨ੍ਹਾਂ ਦੇ ਕੰਮ ਦੇ ਮੌਕੇ ਘੱਟ ਰਹੇ ਹਨ। ਜਿੰਨਾ ਕੰਮ ਮਿਲਦਾ ਹੈ, ਉਹ ਵੀ ਮੌਸਮੀ ਕਰੋਪੀ ਜਾਂ ਕਿਸੇ ਹੋਰ ਕਾਰਨ ਘੱਟਦਾ ਜਾ ਰਿਹਾ ਹੈ। ਇਸ ਲਈ ਖੇਤ ਮਜ਼ਦੂਰਾਂ ਵੱਲੋਂ ਆਪਣੇ ਜਿਊਣ ਯੋਗ ਹਾਲਾਤ ਬਣਾਈ ਰੱਖਣ ਲਈ ਕਿਸਾਨਾਂ ਦੇ ਬਰਾਬਰ ਹੀ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਖੇਤ ਮਜ਼ਦੂਰਾਂ ਨੂੰ ਹਮੇਸ਼ਾ ਅਣਗੌਲਿਆ ਕਰਦੀ ਆ ਰਹੀ ਹੈ, ਜਿਸ ਕਰਕੇ ਮਜ਼ਦੂਰ ਵਰਗ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤਰਸੇਮ ਸਿੰਘ ਖੁੰਡੇ ਹਲਾਲ, ਉਤਮ ਸਿੰਘ, ਕਾਕਾ ਸਿੰਘ, ਕਾਲਾ ਸਿੰਘ, ਭਜਨ ਸਿੰਘ, ਸ਼ਿੰਦਰਜੀਤ ਕੌਰ, ਜੀਤੋ ਕੌਰ ਆਦਿ ਨੇ ਪਿੰਡ ਖੁੰਡੇ ਹਲਾਲ ਵਿਖੇ ਇਕ ਰੋਸ ਮੁਜ਼ਾਹਰੇ ਦੌਰਾਨ ਖੇਤ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਇਹ ਰੋਸ ਮੁਜ਼ਾਹਰਾ ਪੰਜਾਬ ਦੀ ਕਾਂਗਰਸ ਸਰਕਾਰ ਦੇ ਖਿਲਾਫ ਕੀਤਾ ਗਿਆ ਹੈ। ਕਾਂਗਰਸ ਸਰਕਾਰ ਨੇ ਖੇਤ ਮਜ਼ਦੂਰਾਂ ਨੂੰ ਅਸਲੋਂ ਹੀ ਅੱਖੋਂ ਪਰੋਖੇ ਕਰ ਦਿੱਤਾ ਹੈ। ਹਾਲਾਂਕਿ ਗਰੀਬੀ ਤੇ ਕਰਜ਼ੇ ਤੋਂ ਤੰਗ ਆ ਕੇ ਖੇਤ ਮਜ਼ਦੂਰ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਕਿਸਾਨਾਂ ਵਾਂਗ ਉਨ੍ਹਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ, ਖੇਤ ਮਜ਼ਦੂਰਾਂ ਦੀ ਆਮਦਨ ਦਾ ਸਥਾਈ ਪ੍ਰਬੰਧ ਕੀਤਾ ਜਾਵੇ, ਪੰਚਾਇਤੀ ਜ਼ਮੀਨਾਂ 'ਚੋਂ ਬੇਘਰੇ ਮਜ਼ਦੂਰਾਂ ਨੂੰ ਘਰ ਬਣਾਉਣ ਲਈ ਪਲਾਟ ਦਿੱਤੇ ਜਾਣ ਤੇ ਬਿਜਲੀ ਮੁਆਫੀ, ਆਟਾ-ਦਾਲ ਸਕੀਮ ਤੇ ਹੋਰ ਸਕੀਮਾਂ ਦਾ ਪੱਕਾ ਲਾਭ ਦਿੱਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ। ਇਸ ਮੌਕੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਮੁਜ਼ਾਹਰੇ ਦੌਰਾਨ ਵੱਡੀ ਗਿਣਤੀ 'ਚ ਖੇਤ ਮਜ਼ਦੂਰ ਸ਼ਾਮਲ ਸਨ।


Related News