ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਡੀ. ਸੀ. ਦਫਤਰਾਂ ਮੂਹਰੇ ਧਰਨੇ ਦੇਣ ਦਾ ਐਲਾਨ

Monday, Jun 25, 2018 - 08:17 AM (IST)

ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਡੀ. ਸੀ. ਦਫਤਰਾਂ ਮੂਹਰੇ ਧਰਨੇ ਦੇਣ ਦਾ ਐਲਾਨ

 ਮੋਗਾ (ਗੋਪੀ ਰਾਊਕੇ) - ਪੰਜਾਬ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਦੂਜੇ ਸੂਬਿਆਂ ਨਾਲੋਂ ਵੱਧ ਵੈਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ’ਤੇ ਕਾਂਗਰਸ ਸਰਕਾਰ ਨੂੰ ਘੇਰਨ ਦੇ ਮਨੋਰਥ ਨਾਲ 26 ਜੂਨ ਨੂੰ ਡੀ. ਸੀ. ਦਫਤਰਾਂ ਮੂਹਰੇ ਰੋਸ ਧਰਨੇ ਦੇਣ ਦਾ ਐਲਾਨ ਕੀਤਾ ਹੈ। ਇਸ ਦੀਆਂ ਤਿਆਰੀਆਂ ਵਿਚ ਜੁਟੇ ਵਿਧਾਨ ਸਭਾ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਬਰਾਡ਼ ਨੇ ਪਿੰਡਾਂ ਵਿਚ ਲਾਮਬੰਦੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
ਅੱਜ ਵਿਧਾਨ ਸਭਾ ਹਲਕਾ ਮੋਗਾ, ਧਰਮਕੋਟ ਅਤੇ ਨਿਹਾਲ ਸਿੰਘ ਵਾਲਾ ਦੇ ਆਗੂਆਂ ਨਾਲ ਧਰਨੇ ਨੂੰ ਕਾਮਯਾਬ ਬਣਾਉਣ ਲਈ ਮੀਟਿੰਗਾਂ ਕਰਨ ਮਗਰੋਂ ਗੱਲਬਾਤ ਕਰਦਿਆਂ ਬਰਾਡ਼ ਨੇ ਕਿਹਾ ਕਿ ਹੈਰਾਨੀ ਦੀ ਗੱਲ  ਤਾਂ ਇਹ ਹੈ ਕਿ ਕਾਂਗਰਸੀ ਵਿਧਾਇਕ ਤੇ ਆਗੂ ਪੈਟਰੋਲ-ਡੀਜ਼ਲ  ਦੀਆਂ ਕੀਮਤਾਂ ਘਟਾਉਣ ਲਈ ਇਕ ਪਾਸੇ ਤਾਂ ਰੋਸ ਧਰਨੇ ਦੇ ਰਹੇ ਹਨ, ਜਦਕਿ ਦੂਜੇ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਵੈਟ ਜ਼ਿਆਦਾ ਲੱਗਾ ਹੈ, ਜੇਕਰ ਸਰਕਾਰ ਸੱਚਮੁੱਚ ਹੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ ਤਾਂ ਕਾਂਗਰਸ ਸਰਕਾਰ ਨੂੰ ਤੁਰੰਤ ਤੇਲ ’ਤੇ ਲੱਗੇ ਵੈਟ ਨੂੰ ਘਟਾਉਣਾ ਚਾਹੀਦਾ ਹੈ, ਇਸ ਨਾਲ ਧਰਨਿਆਂ ਦੀ ਲੋਡ਼ ਹੀ ਨਹੀਂ ਪਵੇਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੀਆਂ ਦੂਹਰੀਆਂ ਨੀਤੀਆਂ ਨੂੰ ਲੋਕ ਕਚਹਿਰੀ ਵਿਚ ਨੰਗਾ ਕਰਨ ਲਈ ਮੁਹਿੰਮ ਵਿੱਢੀ ਜਾ ਰਹੀ ਹੈ।
 ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਤੇਲ ਪਦਾਰਥਾਂ ਨੂੰ ਜੀ. ਐੱਸ. ਟੀ. ਅਧੀਨ ਲੈ ਕੇ ਆਵੇ ਅਤੇ ਪੂਰੇ ਦੇਸ਼ ਵਿਚ ਇਸ ’ਤੇ ਇਕ ਹੀ ਟੈਕਸ ਹੋਵੇ। ਪੰਜਾਬ ਇਕ ਖੇਤੀ ਪ੍ਰਦਾਨ ਸੂਬਾ ਹੈ ਤੇ ਕਿਸਾਨਾਂ ਨੂੰ ਡੀਜ਼ਲ ਦੀ ਵਧੇਰੇ ਮਾਤਰਾ ਵਿਚ ਲੋਡ਼ ਪੈਂਦੀ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਕਿਸਾਨਾਂ ਦੀ ਮੰਗ ਨੂੰ ਧਿਆਨ ਵਿਚ ਰੱਖ ਕੇ ਤੇਲ ’ਤੇ ਲੱਗੇ ਵੈਟ  ਨੂੰ ਘਟਾਏ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਸਵੇਰੇ  10 ਵਜੇ ਮੋਗਾ ਪੁੱਜ ਕੇ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ।  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਸਾਹੋਕੇ, ਚੇਅਰਮੈਨ ਖਣਮੁੱਖ ਭਾਰਤੀ ਪੱਤੋ,  ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਨਗਰ ਪੰਚਾਇਤ ਕੋਟ ਈਸੇ ਖਾਂ ਦੇ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਦਾਤੇਵਾਲ, ਸਰਪੰਚ ਗੁਰਮੀਤ ਸਿੰਘ ਗਗਡ਼ਾ, ਦਿਲਬਾਗ ਸਿੰਘ ਹੈਪੀ ਭੁੱਲਰ, ਸੁਖਚੈਨ ਸਿੰਘ ਸੱਦਾ ਸਿੰਘ ਵਾਲਾ, ਕੌਂਸਲਰ ਮਨਜੀਤ ਸਿੰਘ ਧੰਮੂ, ਗੁਰਜੰਟ ਸਿੰਘ ਰਾਮੂਵਾਲਾ ਤੋਂ ਇਲਾਵਾ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।


Related News