ਪੀ. ਐੱਸ. ਯੂ. ਨੇ ਫੀਸਾਂ ਦੇ ਵਿਰੋਧ ’ਚ ਪ੍ਰਿੰਸੀਪਲ ਦਫ਼ਤਰ ਦਾ ਕੀਤਾ ਘਿਰਾਓ

Saturday, Jul 21, 2018 - 08:00 AM (IST)

 ਫ਼ਰੀਦਕੋਟ (ਹਾਲੀ) - ਪੰਜਾਬ ਸਟੂਡੈਂਟਸ ਯੂਨੀਅਨ ਨੇ ਐੱਸ. ਸੀ. ਵਿਦਿਆਰਥੀਆਂ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਬਾਵਜੂਦ ਵਸੂਲੀ ਜਾ ਰਹੀ ਫ਼ੀਸ ਅਤੇ ਜਨਰਲ ਵਿਦਿਆਰਥੀਆਂ ਤੋਂ ਲਏ ਜਾ ਰਹੇ ਪੀ. ਟੀ. ਏ. ਫ਼ੰਡ ਦੇ ਵਿਰੋਧ ’ਚ ਸਰਕਾਰੀ ਬ੍ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਪੀ. ਐੱਸ. ਯੂ. ਦੇ ਜ਼ੋਨਲ ਆਗੂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਸਹੀ ਰੂਪ ਵਿਚ ਦੇਣ ਦੀ ਮੰਗ ਨੂੰ ਲੈ ਕੇ ਪਿਛਲੇ ਇਕ ਹਫ਼ਤੇ ਤੋਂ ਸੰਘਰਸ਼ ਕਰ ਰਹੇ ਹਨ  ਪਰ ਕਾਲਜ ਦੇ ਕਿਸੇ ਵੀ ਅਧਿਕਾਰੀ ਜਾਂ ਪ੍ਰਿੰਸੀਪਲ ਵੱਲੋਂ ਉਨ੍ਹਾਂ ਨਾਲ ਗੱਲਬਾਤ ਨਹੀਂ ਕੀਤੀ ਗਈ। ਉਲਟਾ ਵਿਦਿਆਰਥੀਆਂ ਨੂੰ ਫੀਸਾਂ ਭਰਨ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਉਕਤ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਦੀ ਪੂਰੀ ਫੀਸ ਮੁਆਫ਼ ਹੈ ਪਰ ਇਸ ਨੂੰ ਸਕੀਮ ਕਾਲਜ ਪ੍ਰਬੰਧਕਾਂ ਵੱਲੋਂ ਸਹੀ ਰੂਪ ’ਚ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਦੇ ਉਲਟ ਦਲਿਤ ਵਿਦਿਆਰਥੀਆਂ ਨੂੰ ਪੂਰੀਆਂ ਫੀਸਾਂ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਜਨਰਲ ਵਿਦਿਆਰਥੀਆਂ ਤੋਂ ਵੀ ਪੀ. ਟੀ. ਏ. ਫੰਡ ਭਰਵਾਇਆ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਸੈਸ਼ਨ 2018-19 ਦੇ ਦਾਖਲਿਆਂ ਲਈ ਫੀਸਾਂ ਦਾ ਬਾਈਕਾਟ ਕਰਨ ਅਤੇ ਆਪਣੇ ਹੱਕਾਂ ਲਈ ਕਾਲਜ ਪ੍ਰਸ਼ਾਸਨ ਖਿਲਾਫ਼ ਸੰਘਰਸ਼ ਕਰਨ। ਇਸ ਦੌਰਾਨ ਪੀ. ਐੱਸ. ਯੂ. ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਲਿਤ ਵਿਦਿਆਰਥੀਆਂ ਤੋਂ ਫੀਸਾਂ ਲੈਣੀਆਂ ਬੰਦ ਨਾ ਕੀਤੀਆਂ ਗਈਆਂ ਤਾਂ ਉਹ ਹੱਕਾਂ ਲਈ ਤਿੱਖਾ ਸੰਘਰਸ਼ ਵਿੱਢਣਗੇ।


Related News