ਮੰਗਾਂ ਪੂਰੀਆਂ ਨਾ ਹੋਣ ਕਾਰਨ ਪੀ. ਡਬਲਯੂ. ਡੀ. ਕਾਮਿਆਂ ''ਚ ਰੋਸ
Monday, Jan 29, 2018 - 10:33 AM (IST)
ਜਲਾਲਾਬਾਦ (ਬਜਾਜ) - ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲਾ ਪ੍ਰਧਾਨ ਰਜਿੰਦਰ ਸਿੰਘ ਤੇ ਜਨਰਲ ਸਕੱਤਰ ਫੁੱਮਣ ਸਿੰਘ ਕਾਠਗੜ੍ਹ ਨੇ ਅੱਜ ਇਥੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲ ਸਪਲਾਈ ਵਿਭਾਗ ਦੇ ਲਗਭਗ 4 ਹਜ਼ਾਰ ਮੁਲਾਜ਼ਮ ਜੋ ਕਿ 2011 'ਚ ਰੈਗੂਲਰ ਹੋਏ ਸਨ ਪਰ ਉਹ ਵਿਭਾਗ 'ਚ 2004 ਤੋਂ ਪਹਿਲਾਂ ਭਰਤੀ ਹੋਏ ਸਨ, ਜਿਸ ਕਾਰਨ ਉਨ੍ਹਾਂ 'ਤੇ ਸਰਕਾਰ ਵੱਲੋਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ। ਇਨ੍ਹਾਂ ਮੁਲਾਜ਼ਮਾਂ ਨੇ ਮਾਣਯੋਗ ਅਦਾਲਤ 'ਚ ਕੇਸ ਵੀ ਜਿੱਤਿਆ ਤੇ ਉਹ ਪੁਰਾਣੀ ਪੈਨਸ਼ਨ ਸਕੀਮ ਅਧੀਨ ਆ ਗਏ ਹਨ ਪਰ ਸਰਕਾਰ ਇਨ੍ਹਾਂ ਦੇ 2011 ਤੋਂ 2016 ਤੱਕ ਦੇ 10 ਫੀਸਦੀ ਕੱਟੇ ਕਰੋੜਾਂ ਰੁਪਏ ਨਾ ਤਾਂ ਇਨ੍ਹਾਂ ਦੇ ਜੀ. ਪੀ. ਐੱਫ. ਖਾਤਿਆਂ 'ਚ ਪਾ ਰਹੀ ਹੈ ਤੇ ਨਾ ਹੀ ਭੁਗਤਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਾ ਹੀ ਸਰਕਾਰ ਪੇ-ਕਮਿਸ਼ਨ ਲਾਗੂ ਕਰ ਰਹੀ ਹੈ, ਤਰੱਕੀਆਂ ਵੀ ਬੰਦ ਕਰ ਦਿੱਤੀਆਂ ਹਨ, ਕੱਚੇ ਕਾਮੇ ਪੱਕੇ ਨਹੀਂ ਕਰ ਰਹੀ ਹੈ ਤੇ ਡੀ. ਏ. ਦੀਆਂ ਕਿਸ਼ਤਾਂ ਜਾਰੀ ਨਹੀਂ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਹਜ਼ਾਰਾਂ ਕਾਮੇ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ 'ਚ 29 ਜਨਵਰੀ ਨੂੰ ਮੰਡਲ ਪੱਧਰ 'ਤੇ ਧਰਨੇ ਦੇ ਕੇ ਮੰਗ-ਪੱਤਰ ਸਰਕਾਰ ਨੂੰ ਭੇਜੇ ਜਾਣਗੇ ਤੇ 7 ਫਰਵਰੀ ਨੂੰ ਮੋਹਾਲੀ ਦੇ ਸੈਕਟਰ 68 ਵਿਖੇ ਲਾਮਿਸਾਲ ਮੁਜ਼ਾਹਰਾ ਕੀਤਾ ਜਾਵੇਗਾ।
ਇਸ ਸਮੇਂ ਚੇਅਰਮੈਨ ਕ੍ਰਿਸ਼ਨ ਬਲਦੇਵ, ਬ੍ਰਾਂਚ ਪ੍ਰਧਾਨ ਪਰਮਜੀਤ ਸਿੰਘ ਸੋਹਨਾ ਸਾਂਦੜ, ਬਲਦੇਵ ਰਾਜ, ਗੁਰਦੇਵ ਮੋਹਲਾ, ਹਰਵੇਲ ਸਿੰਘ ਤੇ ਬੰਤਾ ਸਿੰਘ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ 29 ਜਨਵਰੀ ਨੂੰ ਫਾਜ਼ਿਲਕਾ ਵਿਖੇ ਐਕਸ਼ਨ ਦਫਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਪੂਰੇ ਉਤਸ਼ਾਹ ਨਾਲ ਮੁਲਾਜ਼ਮ ਪੁੱਜਣਗੇ।