ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਖਿਲਾਫ ਰੋਸ ਮੁਜ਼ਾਹਰਾ
Wednesday, Jan 03, 2018 - 05:47 AM (IST)
ਘਨੌਲੀ, (ਸ਼ਰਮਾ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਕਰਨ ਦੇ ਫੈਸਲੇ ਦੇ ਵਿਰੋਧ 'ਚ ਰੂਪਨਗਰ ਥਰਮਲ ਸੰਘਰਸ਼ ਕਮੇਟੀ ਵੱਲੋਂ ਅੱਜ ਥਰਮਲ ਕਰਮਚਾਰੀਆਂ ਦੀ ਰਿਹਾਇਸ਼ੀ ਕਾਲੋਨੀ ਨੂੰਹੋਂ 'ਚ ਕਾਲੇ ਝੰਡੇ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਹ ਰੋਸ ਮੁਜ਼ਾਹਰਾ ਰਾਜ ਕੁਮਾਰ ਤਿਵਾੜੀ, ਹਰਮੇਸ਼ ਸਿੰਘ ਧੀਮਾਨ, ਕੰਵਲਜੀਤ ਸਿੰਘ, ਜਸਪਾਲ ਸਿੰਘ, ਵਰਿਆਮ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ ਆਦਿ ਦੀ ਅਗਵਾਈ ਹੇਠ ਹੋਇਆ। ਇਸ ਮੌਕੇ ਰੂਪਨਗਰ ਥਰਮਲ ਪਲਾਂਟ ਸੰਘਰਸ਼ ਕਮੇਟੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਬ-ਕਮੇਟੀ ਦੀ ਰਿਪੋਰਟ 'ਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਦੋ ਅਤੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਚਾਰ ਯੂਨਿਟ ਪੱਕੇ ਤੌਰ 'ਤੇ ਬੰਦ ਕਰਨ ਦਾ ਫੈਸਲਾ ਮੰਦਭਾਗਾ ਹੈ। ਇਹ ਥਰਮਲ ਯੂਨਿਟ ਆਪਣੀ ਪੂਰੀ ਸਮਰੱਥਾ 'ਤੇ ਚੱਲ ਕੇ ਸਸਤੀ ਬਿਜਲੀ ਪੈਦਾ ਕਰਨ ਦੇ ਯੋਗ ਹਨ।
ਜਦੋਂਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਪਾਵਰਕਾਮ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਪੂਰੇ ਲੋਡ 'ਤੇ ਚਲਾਇਆ ਜਾਵੇਗਾ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸਰਕਾਰ ਨਾਲ ਹੋਏ ਸਮਝੌਤਿਆਂ ਦਾ ਰੀਵਿਊ ਕੀਤਾ ਜਾਵੇਗਾ ਪਰ ਹੁਣ ਸਰਕਾਰ ਆਪਣੇ ਵਾਅਦੇ ਦੇ ਉਲਟ ਇਨ੍ਹਾਂ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਕਰਮਚਾਰੀਆਂ ਨੂੰ ਬੇਰੋਜ਼ਗਾਰ ਅਤੇ ਘਰੋਂ ਬੇਘਰ ਕਰਨ 'ਤੇ ਤੁਲੀ ਹੈ। ਸਮੁਹ ਬੁਲਾਰਿਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਸਰਕਾਰੀ ਥਰਮਲ ਪਲਾਂਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਫੈਸਲਾ ਤੁਰੰਤ ਵਾਪਿਸ ਨਾ ਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
