ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਰੋਸ ਮਾਰਚ ਤੇ ਰੈਲੀ
Sunday, Aug 26, 2018 - 12:50 AM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ,(ਬਾਵਾ/ਜਗਸੀਰ)-ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਜਬਰ-ਜ਼ਨਾਹ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ ਦੇ ਆਗੂ ਮਨਜੀਤ ਧਨੇਰ ਨੂੰ ਕਤਲ ਦੇ ਝੂਠੇ ਕੇਸ ’ਚ ਉਮਰ ਕੈਦ ਦੀ ਹੋਈ ਸਜ਼ਾ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜਨਤਕ ਜਮਰੂਹੀ ਜਥੇਬੰਦੀਆਂ ਵੱਲੋਂ ਪੰਜਾਬ ਭਰ ’ਚ ਵਿਧਾਨ ਸਭਾ ਮੈਂਬਰਾਂ ਨੂੰ ਮੰਗ-ਪੱਤਰ ਦਿੱਤੇ ਜਾ ਰਹੇ ਤਾਂ ਕਿ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੌਰਾਨ ਮਨਜੀਤ ਧਨੇਰ ਦੀ ਸਜ਼ਾ ਰੱਦ ਰੱਖੇ ਜਾਣ ਲਈ ਚਰਚਾ ਹੋ ਸਕੇ। ਇਸ ਕਡ਼ੀ ਤਹਿਤ ਅੱਜ ਜਨਤਕ ਜਥੇਬੰਦੀਆਂ ਵੱਲੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੂੰ ਮੰਗ-ਪੱਤਰ ਦਿੱਤਾ ਗਿਆ। ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮੰਗ-ਪੱਤਰ ਦੇਣ ਸਮੇਂ ਭਾਰਤੀ ਕਿਸਾਨ ਯੁੂਨੀਅਨ ਉਗਰਾਹਾਂ, ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ, ਨੌਜਵਾਨ ਭਾਰਤ ਸਭਾ, ਕ੍ਰਾਂਤੀਕਾਰੀ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਡਕੌਦਾ, ਪੇਂਡੂ ਮਜ਼ਦੂਰ ਯੂਨੀਅਨ ਆਦਿ ਭਰਾਤਰੀ ਜਥੇਬੰਦੀਅਾਂ ਵੱਲੋਂ ਪਿੰਡ ਬਿਲਾਸਪੁਰ ਦੀ ਦਾਣਾ ਮੰਡੀ ’ਚ ਇਕ ਵਿਸ਼ਾਲ ਰੈਲੀ ਕੀਤੀ ਗਈ ਅਤੇ ਰੋਸ ਮਾਰਚ ਕੱਢਣ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਪੰਜਾਬ ਸਟੂੁਡੈਂਟ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਸਿੰਘ ਕੋਟਕਪੁਰਾ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਲੋਕ ਆਗੂ ਮਨਜੀਤ ਧਨੇਰ ਦੀ ਉਮਰਕੈਦ ਨੂੰ ਮੁਆਫ ਕਰਵਾਉਣ ਲਈ ਇਕ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸੈਦੋਕੇ, ਪੀ. ਐੱਸ. ਯੂ. ਦੇ ਕਰਮਜੀਤ ਕੋਟਕਪੁਰਾ, ਮਾਸਟਰ ਦਰਸ਼ਨ ਸਿੰਘ ਹਿੰਮਤਪੁਰਾ, ਕਰਮ ਰਾਮਾਂ, ਬੂਟਾ ਸਿੰਘ ਭਾਗੀਕੇ, ਜੀਵਨ ਸਿੰਘ ਬਿਲਾਸਪੁਰ, ਸੁਦਾਗਰ ਸਿੰਘ ਖਾਈ ਆਦਿ ਬੁਲਾਰਿਆ ਨੇ ਕਿਹਾ ਕਿ ਜਨਤਕ ਜਥੇਬੰਦੀਆਂ ਨੂੰ ਆਗੂ ਰਹਿਤ ਕਰਨ ਲਈ ਮਨਜੀਤ ਸਿੰਘ ਧਨੇਰ ਉੱਪਰ ਦਲੀਪ ਸਿੰਘ ਦੇ ਕਤਲ ਦਾ ਝੂਠਾ ਕੇਸ ਪਾਇਆ ਗਿਆ ਹੈ। ਇਸ ਮੌਕੇ ਹਲਕਾ ਵਿਧਾਇਕ ਮਨਜੀਤ ਬਿਲਾਸਪੁਰ ਨੇ ਵਿਸ਼ਵਾਸ ਦਿਵਾਇਆ ਕਿ ਜਨਤਕ ਜਥੇਬੰਦੀਆਂ ਦੇ ਆਗੁੂ ਮਨਜੀਤ ਧਨੇਰ ਨੂੰ ਇਨਸਾਫ ਦਿਵਾਉਣ ਲਈ ਵਿਧਾਨ ਸਭਾ ’ਚ ਉਹ ਅਾਵਾਜ਼ ਉਠਾਉਣਗੇ। ਇਸ ਮੌਕੇ ਰਾਜੂ ਰਾਮਾਂ, ਗੁਰਦੀਪ ਸਿੰਘ ਵੈਰੋਕੇ, ਹਰਮਨਦੀਪ ਸਿੰਘ ਹਿੰਮਤਪੁਰਾ, ਛਿੰਦਰ ਸਿੰਘ ਝੰਡੇਆਣਾ, ਮੰਗਾਂ ਸਿੰਘ ਵੈਰੋਕੇ, ਰਾਜੂ ਸਿੰਘ ਬਿਲਾਸਪੁਰ, ਹਰਭਜਨ ਸਿੰਘ ਭੱਟੀ, ਸਿੰਦਰਪਾਲ ਸਿੰਘ ਭਾਗੀਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਜਨਤਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
