ਬਿਜਲੀ ਕਰਮਚਾਰੀਆਂ ਨੇ ਕੀਤੀ ਮੈਨੇਜਮੈਂਟ ਵਿਰੁੱਧ ਰੋਸ ਰੈਲੀ
Saturday, Aug 25, 2018 - 04:21 AM (IST)

ਮੋਹਾਲੀ, (ਨਿਆਮੀਆਂ)-ਪੀ. ਐੱਸ. ਈ. ਬੀ. ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਮੋਹਾਲੀ ਦੀ ਡਵੀਜ਼ਨ ਕਮੇਟੀ ਵਲੋਂ ਮੈਨੇਜਮੈਂਟ ਵਿਰੁੱਧ ਸਪੈਸ਼ਲ ਡਵੀਜ਼ਨ ਮੋਹਾਲੀ ਫੇਜ਼-1 ਦੇ ਕੰਪਲੈਕਸ ਵਿਖੇ ਭਰਵੀਂ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਜੈ ਕਿਸ਼ਨ ਸ਼ਰਮਾ, ਸਰਕਲ ਖ਼ਜ਼ਾਨਚੀ ਸਵਰਨਜੀਤ ਸਿੰਘ, ਡਵੀਜ਼ਨ ਮੀਤ ਪ੍ਰਧਾਨ ਮੰਗਲ ਸਿੰਘ, ਡਵੀਜ਼ਨ ਸਕੱਤਰ ਓਮ ਕੁਮਾਰ, 66 ਕੇ. ਵੀ. ਸਬ-ਡਵੀਜ਼ਨ ਪ੍ਰਧਾਨ ਸੁਰਮੁੱਖ ਸਿੰਘ, 66 ਕੇ. ਵੀ. ਮੀਤ ਪ੍ਰਧਾਨ ਸੁਰਿੰਦਰ ਕੁਮਾਰ ਜੋਸ਼ੀ, ਟੈੱਕ-2 ਸਬ ਡਵੀਜ਼ਨ ਪ੍ਰਧਾਨ ਕੁਲਦੀਪ ਸਿੰਘ, ਟੈਕ-1 ਸਬ ਡਵੀਜ਼ਨ ਪ੍ਰਧਾਨ ਸ਼ਿਵ ਮੂਰਤੀ ਨੇ ਦੋਸ਼ ਲਾਇਆ ਕਿ ਪਾਵਰਕਾਮ ਦੀ ਮੈਨੇਜਮੈਂਟ ਨੇ 30 ਜੂਨ 2018 ਦੀ ਮੀਟਿੰਗ ਵਿਚ ਬਿਜਲੀ ਕਾਮਿਆਂ ਦੇ ਮਸਲੇ ਹੱਲ ਕਰਨ ਲਈ ਇਕ ਮਹੀਨੇ ਦਾ ਸਮਾਂ ਲਿਆ ਸੀ ਪਰ 13 ਅਗਸਤ ਦੀ ਮੀਟਿੰਗ ਮੌਕੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਮਸਲੇ ਹੱਲ ਕਰਨ ਦੀ ਥਾਂ ਕੇਵਲ ਉਨ੍ਹਾਂ ਨੂੰ ਲਟਕਾਉਣ ਵਾਲਾ ਕੰਮ ਕੀਤਾ ਗਿਆ, ਜਿਸ ਨਾਲ ਜੁਆਇੰਟ ਫੋਰਮ ਨੂੰ ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਅਾ। ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਦੀਆਂ ਮੰਗਾਂ ਮੈਨੇਜਮੈਂਟ ਵਲੋਂ ਕਥਿਤ ਤੌਰ ’ਤੇ ਜਾਣਬੁੱਝ ਕੇ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਹਨ। ਬੁਲਾਰਿਆਂ ਨੇ ਦੱਸਿਆ ਕਿ ਜੁਆਇੰਟ ਫੋਰਮ ਵਲੋਂ 29 ਅਗਸਤ ਨੂੰ ਪਟਿਆਲਾ ਹੈੱਡ ਆਫ਼ਿਸ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਡਾਇਰੈਕਟਰ ਫੀਲਡ ਵਿਚ ਆਏਗਾ ਤਾਂ ਉਸ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਕਰਮਚਾਰੀਆਂ ਵਲੋਂ ਡਿਊਟੀ ਵਰਕ ਟੂ ਰੂਲ ਤਹਿਤ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਬਿਜਲੀ ਕਰਮਚਾਰੀ ਹਾਜ਼ਰ ਸਨ।