ਸੈਂਕੜੇ ਜੰਗਲਾਤ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਧਰਮਸੌਤ ਦੀ ਕੋਠੀ ਦਾ ਘਿਰਾਓ
Monday, Feb 12, 2018 - 08:34 AM (IST)
ਨਾਭਾ (ਸੁਸ਼ੀਲ ਜੈਨ, ਭੁਪਿੰਦਰ ਭੂਪਾ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਸ਼ਾਂਤੀ ਇਨਕਲੇਵ ਸਥਿਤ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਕੋਠੀ ਲਾਗੇ ਵਿਸ਼ਾਲ ਰੋਸ ਧਰਨਾ ਦੇ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਧਰਨੇ ਵਿਚ ਸੂਬੇ ਦੇ ਹਰੇਕ ਜ਼ਿਲੇ ਤੇ ਉਪ-ਮੰਡਲ ਵਿਚੋਂ ਵੱਡੀ ਗਿਣਤੀ ਵਿਚ ਜੰਗਲਾਤ ਵਰਕਰਾਂ, ਮੁਲਾਜ਼ਮਾਂ ਨੇ ਹਿੱਸਾ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਨੂੰ ਪਿਛਲੇ 9 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਮੰਤਰੀ ਵੱਲੋਂ ਵਾਰ-ਵਾਰ ਵਾਅਦਾ ਕਰਨ ਦੇ ਬਾਵਜੂਦ ਸਾਡੀਆਂ ਸੇਵਾਵਾਂ ਵੱਲ ਨਾ ਹੀ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਸਾਨੂੰ ਰੈਗੂਲਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਧਰਮਸੌਤ ਨੇ ਸਾਨੂੰ ਕਈ ਵਾਰੀ ਯਕੀਨ ਦੁਆਇਆ ਕਿ ਮੈਂ ਤੁਹਾਡੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਵਾਂਗਾ ਪਰ ਪਿਛਲੇ 11 ਮਹੀਨਿਆਂ ਦੌਰਾਨ ਜੰਗਲਾਤ ਮੰਤਰੀ ਸਾਡੀ ਮੀਟਿੰਗ ਹੀ ਨਹੀਂ ਕਰਵਾ ਸਕੇ। ਇਸ ਕਾਰਨ ਸਾਨੂੰ ਰੋਸ ਧਰਨਾ ਦੇਣਾ ਪਿਆ। ਮਜ਼ੇ ਦੀ ਗੱਲ ਹੈ ਕਿ ਧਰਮਸੌਤ ਦੀ ਪ੍ਰਾਈਵੇਟ ਕੋਠੀ ਲਾਗੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਥਾਂ-ਥਾਂ ਬੈਰੀਕੇਡ ਲਾ ਕੇ ਨਾਕੇ ਲਾਏ ਗਏ ਤਾਂ ਜੋ ਮੁਲਾਜ਼ਮ ਇਕੱਠੇ ਨਾ ਹੋ ਸਕਣ ਪਰ ਯੂਨੀਅਨ ਦੇ ਸੈਂਕੜੇ ਵਰਕਰਾਂ ਤੇ ਮਹਿਲਾਵਾਂ ਪੁਲਸ ਰੁਕਾਵਟਾਂ ਦੇ ਬਾਵਜੂਦ ਇਕੱਠੇ ਹੋ ਕੇ ਧਰਨਾ ਤੇ ਘਿਰਾਓ ਕਰਨ ਵਿਚ ਕਾਮਯਾਬ ਰਹੇ।
ਯੂਨੀਅਨ ਦੇ ਸੂਬਾ ਪ੍ਰਧਾਨ ਰਤਨ ਸਿੰਘ, ਜਨਰਲ ਸੈਕਟਰੀ ਅਮਰੀਕ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ, ਸੀਲ ਕੁਮਾਰ, ਬਹਾਦਰ ਸਿੰਘ, ਕਰਨੈਲ ਸਿਘ, ਦਲੀਪ ਚੰਦ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਹਰਿੰਦਰ ਸਿੰਘ ਤੇ ਜੋਗਾ ਸਿੰਘ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜੰਗਲਾਤ ਮੰਤਰੀ ਧਰਮਸੌਤ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਤੁਰੰਤ ਧਿਆਨ ਨਾ ਦਿੱਤਾ ਤਾਂ ਜ਼ਬਰਦਸਤ ਅੰਦੋਲਨ ਹੋਵੇਗਾ।
