ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਬਿਨਾਂ ਮਿਲੇ ਚਲੀ ਗਈ ਸਿੱਖਿਆ ਮੰਤਰੀ

Thursday, Nov 23, 2017 - 07:59 AM (IST)

ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਬਿਨਾਂ ਮਿਲੇ ਚਲੀ ਗਈ ਸਿੱਖਿਆ ਮੰਤਰੀ

ਪਟਿਆਲਾ  (ਬਲਜਿੰਦਰ) - ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਅੱਜ ਪਟਿਆਲਾ ਵਿਖੇ ਆਈ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੂੰ ਮਿਲਣ ਲਈ ਆਈਆਂ ਪਰ ਸਿੱਖਿਆ ਮੰਤਰੀ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦੇ ਵਫਦ ਨੂੰ ਮਿਲੇ ਬਿਨਾਂ ਹੀ ਤੇਜ਼ੀ ਨਾਲ ਪ੍ਰੋਗਰਾਮ ਖਤਮ ਕਰ ਕੇ ਚਲੇ ਗਏ।  ਅੱਜ ਪੂਰੇ ਪੰਜਾਬ ਵਿਚ ਜ਼ਿਲਾ ਪੱਧਰ 'ਤੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਦੇ ਘਰਾਂ ਬਾਹਰ ਧਰਨੇ ਲਾਉਣ ਦੇ ਪ੍ਰੋਗਰਾਮ ਤਹਿਤ ਜ਼ਿਆਦਾਤਰ ਜ਼ਿਲਿਆਂ ਵਿਚ ਧਰਨੇ ਲਾ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪਟਿਆਲਾ ਵਿਚ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਵਾਸ ਬਾਹਰ ਨਾ ਤਾਂ ਕੋਈ ਧਰਨਾ ਲੱਗਾ ਅਤੇ ਨਾ ਹੀ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਇਹ ਕਾਰਨ ਸੀ ਕਿ ਸਿੱਖਿਆ ਮੰਤਰੀ ਅਰੁਣਾ ਚੌਧਰੀ ਅੱਜ ਪਟਿਆਲਾ ਵਿਚ ਪੋਲੋ ਗਰਾਊਂਡ ਵਿਖੇ ਸਮਾਗਮ ਵਿਚ ਭਾਗ ਲੈਣ ਆਏ ਸਨ। ਜਦੋਂ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਨ੍ਹਾਂ ਸਿੱਖਿਆ ਮੰਤਰੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਐੱਸ. ਪੀ. ਸਿਟੀ ਕੇਸਰ ਸਿੰਘ ਧਾਲੀਵਾਲ ਨੇ ਦੋਵਾਂ ਪੱਖਾਂ ਵਿਚ ਗੱਲ ਕਰ ਕੇ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਦਾ ਇਕ 5-ਮੈਂਬਰੀ ਵਫਦ ਗੱਲਬਾਤ ਲਈ ਬੁਲਾਇਆ। ਇਸੇ ਦੌਰਾਨ ਸਿੱਖਿਆ ਮੰਤਰੀ ਸਮਾਗਮ ਵਿਚੋਂ ਸਿੱਧੇ ਨਿਕਲ ਗਏ।
ਇਸ ਤੋਂ ਬਾਅਦ ਭੜਕੀਆਂ ਆਂਗਣਵਾੜੀ ਵਰਕਰਜ਼ ਨੇ ਕੱਲ ਸ਼ਹਿਰ ਵਿਚ ਕੌਲੀਆਂ ਤੇ ਥਾਲੀਆਂ ਖੜਕਾ ਕੇ ਰੋਸ ਮਾਰਚ ਕਰਨ ਦਾ ਐਲਾਨ ਕਰ ਦਿੱਤਾ।
ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਯੂਨੀਅਨ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਕੋਲ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਆਪਣੇ ਕੀਤੇ ਵਾਅਦਿਆਂ ਤੋਂ ਲਗਾਤਾਰ ਭੱਜ ਰਹੀ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਘਰ-ਘਰ ਵਿਚ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਦੇ ਹੀ ਘਰ-ਘਰ ਵਿਚ ਬੇਰੁਜ਼ਗਾਰ ਪੈਦਾ ਕਰਨ ਦਾ ਕਾਂਗਰਸ ਸਰਕਾਰ ਨੇ ਤਹੱਈਆ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰ ਬੰਦ ਕਰਨ ਨਾਲ ਹਜ਼ਾਰਾਂ ਘਰਾਂ ਦੀ ਰੋਜ਼ੀ-ਰੋਟੀ 'ਤੇ ਤਲਵਾਰ ਲਟਕ ਜਾਵੇਗੀ। ਸਰਕਾਰ 'ਤੇ ਇਸ ਦਾ ਕੋਈ ਅਸਰ ਨਹੀਂ ਹੈ। ਪ੍ਰਧਾਨ ਪੰਜੌਲਾ ਨੇ ਕਿਹਾ ਕਿ ਉਹ ਆਪਣਾ ਹੱਕ ਲੈ ਕੇ ਰਹਿਣਗੇ ਭਾਵੇਂ ਇਸ ਲਈ ਉਨ੍ਹਾਂ ਨੂੰ ਕਿੰਨਾ ਵੀ ਸੰਘਰਸ਼ ਕਿਉਂ ਨਾ ਕਰਨਾ ਪਵੇ?


Related News