''ਮਹਿੰਗੀ ਬਿਜਲੀ ਦੇ ਵਿਰੋਧ ''ਚ ''ਆਪ'' ਕਰੇਗੀ 7 ਨੂੰ ਕੈਪਟਨ ਸਰਕਾਰ ਖਿਲਾਫ ਪਿੱਟ-ਸਿਆਪਾ''

01/06/2020 10:12:36 AM

ਪਟਿਆਲਾ (ਰਾਣਾ ਰੱਖੜਾ): ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਸੂਬੇ ਦੇ ਲੋਕਾਂ ਨਾਲ ਸ੍ਰੀ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਤਾਂ ਕੀ ਕਰਨੇ ਸਨ ਉਲਟਾ ਦਿਨੋਂ ਦਿਨ ਬਿਜਲੀ ਦੀਆਂ ਦਰਾਂ ਵਧਾ ਕੇ ਲੋਕਾਂ ਦੀਆਂ ਜੇਬਾਂ 'ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ ਜਿਸ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਵਲੋਂ 7 ਜਨਵਰੀ ਨੂੰ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲਾ ਪਟਿਆਲਾ (ਦਿਹਾਤੀ) ਦੇ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਅਤੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਜੱਸੀ ਸੋਹੀਆਂ ਵਾਲਾ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ਮੌਕੇ ਜ਼ਿਲਾ ਪਟਿਆਲਾ ਵਿਚੋਂ ਵੱਡੀ ਗਿਣਤੀ ਵਿਚ ਵਾਲੰਟੀਅਰ ਸ਼ਾਮਲ ਹੋਣਗੇ ਅਤੇ ਇਸ ਸਬੰਧੀ ਸਮੁੱਚੇ ਹਲਕਿਆਂ ਵਿਚ ਵਾਲੰਟੀਅਰਾਂ ਦੀਆਂ ਡਿਊਟੀਆਂ ਲਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਬਿਜਲੀ ਸਸਤੀ ਕਰਨ ਲਈ ਸਰਕਾਰ ਨੂੰ ਮਜਬੂਰ ਕੀਤਾ ਜਾਵੇ। ਉਪਰੋਕਤ ਆਗੂਆਂ ਨੇ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਦੇ ਰਾਜ ਸਮੇਂ ਥਰਮਲ ਪਲਾਂਟਾਂ ਦੌਰਾਨ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਲਤ ਸਮਝੌਤਿਆਂ ਨੂੰ ਕੈਪਟਨ ਸਰਕਾਰ ਨੇ ਰੱਦ ਕਰ ਕੇ ਲੋਕਾਂ ਨੂੰ ਸਸਤੀ ਬਿਜਲੀ ਤਾਂ ਕੀ ਦੇਣੀ ਸੀ ਉਲਟਾ ਦਿਨੋਂ ਦਿਨ ਬਿਜਲੀ ਦੀਆਂ ਦਰਾਂ ਵਧਾ ਕੇ ਸੂਬੇ ਦੇ ਲੋਕਾਂ ਨੂੰ ਲੁੱਟਣ ਲੱਗ ਪਈ ਹੈ।

ਜੱਸੀ ਤੇ ਜੋੜਾ ਮਾਜਰਾ ਨੇ ਕਿਹਾ ਕਿ ਪੰਜਾਬ ਬਿਜਲੀ ਪੈਦਾ ਕਰਨ ਵਿਚ ਸਰਪਲੱਸ ਸੂਬਾ ਹੈ, ਜਦੋਂ ਕਿ ਪੰਜਾਬ ਵਿਚ ਬਿਜਲੀ ਸਭ ਰਾਜਾਂ ਨਾਲੋਂ ਮਹਿੰਗੀ ਹੈ ਪਰ ਦਿੱਲੀ ਇਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕਰਦੀ ਪਰ ਫਿਰ ਵੀ ਈਮਾਨਦਾਰ ਕੇਜਰੀਵਾਲ ਸਰਕਾਰ ਹੋਣ ਕਰ ਕੇ ਦਿੱਲੀ ਵਿਚ ਬਿਜਲੀ ਸਭ ਤੋਂ ਸਸਤੀ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀਆਂ ਦੀ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨੀਤੀ ਵੀ ਲੋਕ ਮਾਰੂ ਸਾਬਤ ਹੋਈ ਹੈ।


Shyna

Content Editor

Related News