ਪੇਂਡੂ ਮਜ਼ਦੂਰ ਯੂਨੀਅਨ ਨੇ ਝੰਡਾ ਮਾਰਚ ਕੱਢ ਕੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Saturday, May 05, 2018 - 06:39 AM (IST)

ਸਮਾਲਸਰ(ਸੁਰਿੰਦਰ)-ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਕਸਬਾ ਸਮਾਲਸਰ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਵਿਰੋਧ 'ਚ ਝੰਡਾ ਮਾਰਚ ਕੱਢ ਕੇ ਬੋਲੀ ਨੂੰ ਰੱਦ ਕਰਵਾਇਆ ਗਿਆ ਅਤੇ ਇਸ ਦਾ ਤੀਸਰਾ ਹਿੱਸਾ ਦਲਿਤਾਂ ਨੂੰ ਦੇਣ ਲਈ ਜ਼ੋਰ ਦਿੱਤਾ ਗਿਆ। ਇਸ ਦੌਰਾਨ ਮਜ਼ਦੂਰਾਂ ਨੇ ਸਰਕਾਰਾਂ ਖਿਲਾਫ ਨਾਅਰੇਬਾਜ਼ੀ ਕੀਤੀ। ਝੰਡਾ ਮਾਰਚ ਉਪਰੰਤ ਸਰਪੰਚ ਵੱਲੋਂ ਪਲਾਟਾਂ ਸਬੰਧੀ ਮਤਾ ਪਾਇਆ ਗਿਆ। ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲਾ ਸਕੱਤਰ ਮੰਗਾ ਸਿੰਘ ਵੈਰੋਕੇ, ਬਲਾਕ ਸਕੱਤਰ ਬਲਕਾਰ ਸਿੰਘ ਸਮਾਲਸਰ ਨੇ ਕਿਹਾ ਕਿ ਇਹ ਇਕੱਲਾ ਆਰਥਕ ਮਾਮਲਾ ਹੀ ਨਹੀਂ, ਬਲਕਿ ਇਹ ਮਾਮਲਾ ਮਜ਼ਦੂਰਾਂ ਦੇ ਮਾਣ-ਸਨਮਾਨ ਨਾਲ ਜੁੜਿਆ ਹੋਇਆ ਵੀ ਹੈ। ਉਨ੍ਹਾਂ ਕਿਹਾ ਕਿ ਬੀ. ਡੀ. ਪੀ. ਓ. ਵੱਲੋਂ ਪ੍ਰਾਪਤ ਕੀਤੇ ਗਏ ਪਲਾਟਾਂ ਸਬੰਧੀ ਆਵੇਦਨ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਮਜ਼ਦੂਰਾਂ 'ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਮਜ਼ਦੂਰਾਂ ਨੂੰ ਪਲਾਟਾਂ 'ਤੇ ਕਬਜ਼ੇ ਨਹੀਂ ਦਿਵਾਏ ਜਾਂਦੇ, ਓਨਾ ਸਮਾਂ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਸਮਾਲਸਰ ਇਕਾਈ ਪ੍ਰਧਾਨ ਮੇਜਰ ਸਿੰਘ, ਰਜਿੰਦਰਪਾਲ ਸਮਾਲਸਰ, ਅਜਾਇਬ ਸਿੰਘ, ਸਤਨਾਮ ਸਿੰਘ, ਇੰਦਰਜੀਤ ਸਿੰਘ ਸਮਾਲਸਰ ਆਦਿ ਹਾਜ਼ਰ ਸਨ।