ਅਨੋਖਾ ਪ੍ਰਦਰਸ਼ਨ ; ਚੌਕੀਦਾਰ ਨੇ ਕਮੀਜ਼ ''ਤੇ ਚਿਪਕਾਇਆ ''ਪ੍ਰਿੰਸੀਪਲ ਵੱਲੋਂ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ'' ਲਿਖਿਆ ਪੋਸਟਰ
Friday, Apr 20, 2018 - 06:43 AM (IST)
ਲੁਧਿਆਣਾ(ਵਿੱਕੀ)-ਹਰ ਰੋਜ਼ ਕਾਲਜ ਦੇ ਸਾਰੇ ਗੇਟਾਂ 'ਤੇ ਬਦਲ-ਬਦਲ ਕੇ ਡਿਊਟੀ ਲੱਗਣ ਤੋਂ ਨਾਰਾਜ਼ ਹੋਏ ਐੱਸ. ਸੀ. ਡੀ. ਸਰਕਾਰੀ ਕਾਲਜ ਦੇ ਚੌਕੀਦਾਰ ਨੇ ਵੀਰਵਾਰ ਨੂੰ ਪ੍ਰਿੰਸੀਪਲ ਖਿਲਾਫ ਅਨੋਖਾ ਪ੍ਰਦਰਸ਼ਨ ਕਰ ਕੇ ਆਪਣਾ ਰੋਸ ਪ੍ਰਗਟ ਕੀਤਾ। ਕਾਲਜ 'ਚ ਪਿਛਲੇ 34 ਸਾਲਾਂ ਤੋਂ ਤਾਇਨਾਤ ਚੌਕੀਦਾਰ ਸਵਰਣ ਸਿੰਘ ਨੇ ਪ੍ਰਿੰਸੀਪਲ 'ਤੇ ਦੋਸ਼ ਲਾਉਂਦਾ ਇਕ ਪੋਸਟਰ, ਜਿਸ 'ਤੇ ਲਿਖਿਆ ਸੀ 'ਪ੍ਰਿੰਸੀਪਲ ਵੱਲੋਂ ਮੁਲਾਜ਼ਮਾਂ ਨਾਲ ਧੱਕੇਸ਼ਾਹੀ' ਆਪਣੀ ਕਮੀਜ਼ 'ਤੇ ਚਿਪਕਾ ਕੇ ਪੂਰਾ ਦਿਨ ਕਾਲਜ ਦੇ ਗੇਟਾਂ 'ਤੇ ਡਿਊਟੀ ਕੀਤੀ। ਗੇਟ 'ਤੇ ਚੌਕੀਦਾਰ ਨੂੰ ਇਸ ਅੰਦਾਜ਼ ਵਿਚ ਡਿਊਟੀ ਕਰਦੇ ਦੇਖ ਵਿਦਿਆਰਥੀ ਵੀ ਹੈਰਾਨ ਸਨ। ਹਾਲਾਂਕਿ ਕਾਲਜ ਦੇ ਕਈ ਸਟਾਫ ਮੈਂਬਰਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਵਰਣ ਸਿੰਘ ਨੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਦਿਨ ਭਰ ਜਾਰੀ ਰੱਖਿਆ। ਪ੍ਰਿੰਸੀਪਲ ਖਿਲਾਫ ਸ਼ਿਕਾਇਤ ਬਣਾ ਕੇ ਚੌਕੀਦਾਰ ਨੇ ਇਲਾਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਵੀ ਦਿੱਤੀ ਹੈ।
ਸਵਰਣ ਸਿੰਘ ਨੇ ਇਹ ਲਾਏ ਦੋਸ਼
ਵਿਧਾਇਕ ਆਸ਼ੂ ਨੂੰ ਦਿੱਤੀ ਸ਼ਿਕਾਇਤ ਵਿਚ ਚੌਕੀਦਾਰ ਨੇ ਪ੍ਰਿੰ. ਡਾ. ਧਰਮ ਸਿੰਘ ਸੰਧੂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਪ੍ਰਿੰਸੀਪਲ ਵੱਲੋਂ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਵਰਣ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਡਿਊਟੀ ਕਾਲਜ ਦੇ ਸਾਰੇ ਗੇਟਾਂ 'ਤੇ ਬਦਲ-ਬਦਲ ਕੇ ਲਾਈ ਜਾਂਦੀ ਹੈ ਜਿਸ ਕਾਰਨ ਉਸ ਨੂੰ ਦਿਨ ਵਿਚ ਸਾਰੇ ਗੇਟਾਂ 'ਤੇ 2-2 ਘੰਟੇ ਤਕ ਡਿਊਟੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਗਲਤ ਹੈ। ਉਸ ਨੇ ਕਿਹਾ ਕਿ ਉਕਤ ਸਬੰਧੀ ਜਦੋਂ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਗੱਲ ਤੱਕ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ 'ਤੇ ਡਿਊਟੀ ਤੋਂ ਗੈਰਹਾਜ਼ਰ ਰਹਿਣ ਦਾ ਦੋਸ਼ ਲਾਉਂਦੇ ਹੋਏ ਪਿਛਲੇ ਦਿਨੀਂ ਨੋਟਿਸ ਜਾਰੀ ਕਰ ਦਿੱਤਾ। ਪ੍ਰਦਰਸ਼ਨ ਦੌਰਾਨ ਸਵਰਣ ਸਿੰਘ ਨੇ ਉਕਤ ਨੋਟਿਸ ਦੀ ਕਾਪੀ ਨੂੰ ਵੀ ਆਪਣੀ ਕਮੀਜ਼ 'ਤੇ ਲਟਕਾਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਨਿਯੁਕਤੀ ਬੇਲਦਾਰ ਦੀ ਪੋਸਟ 'ਤੇ ਕਾਲਜ ਵਿਚ ਕੀਤੀ ਗਈ ਹੈ, ਜਦੋਂਕਿ ਉਸ ਤੋਂ ਚੌਕੀਦਾਰ ਦਾ ਕੰਮ ਲਿਆ ਜਾ ਰਿਹਾ ਹੈ।
ਡਿਊਟੀ 'ਚ ਲਾਪ੍ਰਵਾਹੀ ਕਰਦਾ ਹੈ ਚੌਕੀਦਾਰ ਸਵਰਣ ਸਿੰਘ : ਪ੍ਰਿੰ. ਡਾ. ਸੰਧੂ
ਇਸ ਸਬੰਧੀ ਗੱਲ ਕਰਨ 'ਤੇ ਪ੍ਰਿੰ. ਡਾ. ਧਰਮ ਸਿੰਘ ਸੰਧੂ ਨੇ ਕਿਹਾ ਕਿ ਚੌਕੀਦਾਰ ਸਵਰਣ ਸਿੰਘ ਗੇਟ 'ਤੇ ਆਪਣੀ ਡਿਊਟੀ ਦੌਰਾਨ ਲਾਪ੍ਰਵਾਹੀ ਕਰਦਾ ਹੈ ਅਤੇ ਗੈਰ-ਹਾਜ਼ਰ ਵੀ ਰਹਿੰਦਾ ਹੈ। ਇਸ ਲਈ ਉਨ੍ਹਾਂ ਨੇ ਪਿਛਲੇ ਦਿਨੀਂ ਸਵਰਣ ਸਿੰਘ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ ਪਰ ਉਸ ਨੇ ਜਵਾਬ ਦੇਣ ਦੀ ਬਜਾਏ ਉਲਟਾ ਮੇਰੇ 'ਤੇ ਦਬਾਅ ਬਣਾਉਣ ਲਈ ਅਜਿਹੇ ਪ੍ਰਦਰਸ਼ਨਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਪ੍ਰਿੰਸੀਪਲ ਨੇ ਕਿਹਾ ਕਿ ਕਾਲਜ ਦੇ 2 ਗੇਟਾਂ 'ਤੇ ਵੱਖ-ਵੱਖ ਸਮੇਂ ਸਵਰਣ ਸਿੰਘ ਦੀ ਡਿਊਟੀ ਲਾਈ ਗਈ ਹੈ ਤਾਂ ਕਿ ਵਿਦਿਆਰਥੀਆਂ ਨੂੰ ਸਹੂਲਤ ਰਹੇ ਪਰ ਉਕਤ ਚੌਕੀਦਾਰ ਡਿਊਟੀ ਕਰਨ 'ਚ ਵੀ ਟਾਲਮਟੋਲ ਕਰ ਰਿਹਾ ਹੈ।