ਮੰਗਾਂ ਦੀ ਅਣਦੇਖੀ ਖਿਲਾਫ ਫੂਕੇ ਪੰਜਾਬ ਸਰਕਾਰ ਦੇ ਪੁਤਲੇ
Friday, Mar 09, 2018 - 07:11 AM (IST)
ਧੂਰੀ (ਸੰਜੀਵ ਜੈਨ)—ਆਲ ਪੰਜਾਬ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਮੰਗਾਂ ਦੀ ਅਣਦੇਖੀ ਕੀਤੇ ਜਾਣ ਦੇ ਰੋਸ 'ਚ ਮਹਿਲਾ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਕਾਲੀਆਂ ਚੁੰਨੀਆਂ ਅਤੇ ਕਾਲੀਆਂ ਝੰਡੀਆਂ ਲੈ ਕੇ ਸ਼ਹਿਰ ਭਰ 'ਚੋਂ ਰੋਸ ਮਾਰਚ ਕੱਢਿਆ। ਇਸ ਰੋਸ ਮਾਰਚ ਉਪਰੰਤ ਕੱਕੜਵਾਲ ਚੌਕ ਵਿਖੇ ਆਵਾਜਾਈ ਠੱਪ ਕਰ ਕੇ ਕੁੱਲ ਹਿੰਦ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਵੀ ਫੂਕੇ ਗਏ। ਇਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਵਾ ਮਹੀਨੇ ਤੋਂ ਜਥੇਬੰਦੀ ਨੇ ਵਿੱਤ ਮੰਤਰੀ ਦੇ ਬਠਿੰਡਾ ਦਫਤਰ ਅੱਗੇ ਧਰਨਾ ਲਾਇਆ ਹੋਇਆ ਹੈ ਅਤੇ ਸੂਬੇ ਭਰ 'ਚ ਸੰਘਰਸ਼ ਵਿੱਢਿਆ ਹੋਇਆ ਹੈ। ਇਸ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਵਾਜ਼ਿਬ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਕੌਰ ਪੇਧਨੀ ਜ਼ਿਲਾ ਪ੍ਰਧਾਨ, ਜਸਪਾਲ ਦੇਵੀ, ਜਸਵਿੰਦਰ ਕੌਰ, ਬਲਵਿੰਦਰ ਕੌਰ, ਸੁਖਵਿੰਦਰ ਕੁਮਾਰੀ, ਮਨਜੀਤ ਕੌਰ, ਪਰਮਜੀਤ ਕੌਰ ਅਤੇ ਜਸਪਾਲ ਕੌਰ ਆਦਿ ਵੀ ਮੌਜੂਦ ਸਨ। ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਜ਼ਿਲਾ ਚੇਅਰਪਰਸਨ ਸੁਰਿੰਦਰ ਕੌਰ ਮੰਡੇਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ 'ਬੇਟੀ ਬਚਾਓ ਬੇਟੀ, ਪੜ੍ਹਾਓ' ਦੇ ਵੱਡੇ-ਵੱਡੇ ਨਾਅਰੇ ਲਾਉਂਦੀ ਹੈ। ਜਿਹੜੀਆਂ ਧੀਆਂ ਨੂੰ 40-45 ਸਾਲ ਪਹਿਲਾਂ ਮਾਪਿਆਂ ਨੇ ਬਚਾ ਕੇ ਪੜ੍ਹਾ ਦਿੱਤਾ ਅਤੇ ਅੱਜ ਉਹ ਪੰਜਾਬ ਦੇ 3 ਲੱਖ ਬੱਚਿਆਂ ਤੇ ਕਰੀਬ 2 ਲੱਖ ਗਰਭਵਤੀਆਂ, ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਆਂਗਣਵਾੜੀ ਕੇਂਦਰਾਂ ਰਾਹੀਂ ਸੇਵਾਵਾਂ ਦੇ ਰਹੀਆਂ ਹਨ, ਨਾਲ ਮਤਰੇਆ ਸਲੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਕੌਰ ਚੰਨੋਂ, ਸਰਬਜੀਤ ਕੌਰ ਸੰਗਰੂਰ, ਬਲਵਿੰਦਰ ਕੌਰ ਲਹਿਰਾ, ਤ੍ਰਿਸ਼ਨਜੀਤ ਕੌਰ ਸੁਨਾਮ, ਆਸ਼ਾ ਧੂਰੀ, ਰੁਪਿੰਦਰ ਕੌਰ ਅਤੇ ਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ। ਵਿਧਾਨ ਸਭਾ ਦਾ ਘਿਰਾਓ ਕਰਨ ਦੀ ਚਿਤਾਵਨੀ ਓਧਰ, ਆਂਗਣਵਾੜੀ ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਪ੍ਰਤੀ ਸਰਕਾਰ ਗੰਭੀਰ ਨਾ ਹੋਈ ਤਾਂ 20 ਮਾਰਚ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ।
