ਪੱਕੇ ਮੁਲਾਜ਼ਮਾਂ ਨੇ ਥਰਮਲ ਪਲਾਂਟ ਦਾ ਮੁੱਖ ਗੇਟ ਬੰਦ ਕਰਕੇ ਕੀਤੀ ਨਾਅਰੇਬਾਜ਼ੀ

Tuesday, Feb 13, 2018 - 03:08 AM (IST)

ਬਠਿੰਡਾ(ਸੁਖਵਿੰਦਰ)-ਥਰਮਲ ਦੇ ਪੱਕੇ ਮੁਲਾਜ਼ਮਾਂ ਦੇ ਤਬਾਦਲੇ ਫੀਲਡ 'ਚ ਕਰਨ ਨਾਲ ਭੜਕੇ ਪੱਕੇ ਮੁਲਾਜ਼ਮਾਂ ਨੇ ਸੋਮਵਾਰ ਨੂੰ 4 ਘੰਟੇ ਤੱਕ ਥਰਮਲ ਪਲਾਂਟ ਦਾ ਗੇਟ ਬੰਦ ਰੱਖਿਆ। ਮੁਲਾਜ਼ਮਾਂ ਨੇ ਗੇਟ ਦੇ ਸਾਹਮਣੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੋਈ ਵੀ ਅਧਿਕਾਰੀ ਅੰਦਰ ਜਾਂ ਬਾਹਰ ਨਹੀਂ ਜਾ ਸਕਿਆ ਅਤੇ ਨਾ ਹੀ ਕਿਸੇ ਵਾਹਨ ਨੂੰ ਲੰਘਣ ਦਿੱਤਾ ਗਿਆ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਤਬਾਦਲਿਆਂ ਦੇ ਆਰਡਰ ਵਾਪਸ ਲਏ ਜਾਣ ਅਤੇ ਥਰਮਲ ਪਲਾਂਟ ਨੂੰ ਚਾਲੂ ਕੀਤਾ ਜਾਵੇ। ਜਾਣਕਾਰੀ ਦਿੰਦਿਆਂ ਥਰਮਲ ਮੁਲਾਜ਼ਮ ਤਾਲਮੇਲ ਕਮੇਟੀ ਦੇ ਕਨਵੀਨਰ ਪ੍ਰਕਾਸ਼ ਸਿੰਘ ਪਾਸ਼ਾ ਨੇ ਦੱਸਿਆ ਕਿ ਯੂਨੀਅਨ ਨੂੰ ਸੂਚਨਾ ਮਿਲੀ ਹੈ ਕਿ ਥਰਮਲ ਪ੍ਰਬੰਧਨ ਵੱਲੋਂ 230 ਮੁਲਾਜ਼ਮਾਂ ਦੇ ਤਬਾਦਲੇ ਫੀਲਡ ਵਿਚ ਕੀਤੇ ਜਾ ਰਹੇ ਹਨ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਥਰਮਲ ਦੇ ਜ਼ਿਆਦਾਤਰ ਮੁਲਾਜ਼ਮ ਫੀਲਡ ਦੇ ਕੰਮ ਤੋਂ ਅਣਜਾਣ ਹਨ। ਅਜਿਹੇ ਵਿਚ ਉਨ੍ਹਾਂ ਦੇ ਫੀਲਡ ਵਿਚ ਕੰਮ ਕਰਨ ਵਿਚ ਹਾਦਸਿਆਂ ਦਾ ਖਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਮੁਲਾਜ਼ਮ ਪਹਿਲਾਂ ਹੀ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਵਿਰੋਧ ਕਰ ਰਹੇ ਹਨ ਅਤੇ ਪ੍ਰਬੰਧਨ ਉਕਤ ਮਸਲੇ 'ਤੇ ਕੋਈ ਕਦਮ ਚੁੱਕਣ ਦੀ ਬਜਾਏ ਥਰਮਲ ਮੁਲਾਜ਼ਮਾਂ ਦੇ ਤਬਾਦਲੇ ਫੀਲਡ ਵਿਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਨ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਮੰਗਲਵਾਰ ਨੂੰ ਸਵੇਰੇ 9 ਵਜੇ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਬੰਧਨ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।


Related News