ਮੰਗਾਂ ਨੂੰ ਲੈ ਕੇ ਕਿਸਾਨਾਂ ਵੱਖ-ਵੱਖ ਥਾਈਂ ਲਾਇਆ ਜਾਮ

Thursday, Feb 08, 2018 - 02:40 AM (IST)

ਮੰਗਾਂ ਨੂੰ ਲੈ ਕੇ ਕਿਸਾਨਾਂ ਵੱਖ-ਵੱਖ ਥਾਈਂ ਲਾਇਆ ਜਾਮ

ਮਾਨਸਾ(ਸੰਦੀਪ ਮਿੱਤਲ)-ਕਿਸਾਨ ਮੰਗਾਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਪਿੰਡ ਖਿਆਲਾ ਕਲਾਂ ਨੇੜੇ ਬਠਿੰਡਾ-ਪਟਿਆਲਾ ਰੋਡ 'ਤੇ ਧਰਨਾ ਦੇ ਕੇ ਦੋ ਘੰਟਿਆ ਲਈ ਆਵਾਜਾਈ ਠੱਪ ਕੀਤੀ। ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕਰਦਿਆਂ ਬੁਲਾਰਿਆਂ ਨੇ ਕਿਸਾਨਾਂ ਦੇ ਸਿਰ ਚੜੇ ਸਮੁੱਚੇ ਕਰਜੇ ਖਤਮ ਕਰਨ ਅਤੇ ਕਰਜਿਆਂ ਕਾਰਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਦਸ-ਦਸ ਲੱਖ ਰੁਪਏ ਦਾ ਮੁਆਵਜਾ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਕੈਪਟਨ ਹਕੂਮਤ ਨੂੰ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਖਰੇ ਨਾ ਕਰੇ ਸਗੋਂ ਕਿਸਾਨਾਂ ਦੇ ਕਰਜੇ ਖਤਮ ਕਰੇ। ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਪੱਕਾ ਹੱਲ ਕਰੇ। ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮ ਦੇਣ ਦੀ ਗਰੰਟੀ ਕਰਨ ਦੇ ਨਾਲ-ਨਾਲ ਲੋਕਾਂ ਨਾਲ ਕੀਤੇ ਹੋਏ ਚੋਣ ਵਾਅਦਿਆਂ ਨੂੰ ਤੁਰੰਤ ਪੂਰਾ ਕਰੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਲਗਾਤਾਰ ਤਿਆਰ ਰਹੇ। ਇਸ ਮੌਕੇ ਬੀ.ਕੇ.ਯੂ. ਉਗਰਾਹਾਂ ਦੇ ਜਗਦੇਵ ਸਿੰਘ ਭੈਣੀ ਬਾਘਾ, ਭੋਲਾ ਸਿੰਘ ਮਾਖਾ, ਸਾਧੂ ਸਿੰਘ ਅਲੀਸ਼ੇਰ, ਹਰਿੰਦਰ ਸਿੰਘ ਟੋਨੀ ਭੈਣੀ ਬਾਘਾ, ਬੀ.ਕੇ.ਯੂ ਡਕੌਂਦਾ ਦੇ ਰਾਜ ਸਿੰਘ ਅਕਲੀਆ, ਬਲਦੇਵ ਸ਼ਰਮਾ, ਮੱਖਣ ਸਿੰਘ ਭੈਣੀ ਬਾਘਾ ਨੇ ਸੰਬੋਧਨ ਕੀਤਾ। 
ਸਰਕਾਰ ਵੱਲੋਂ ਕਰਜੇ ਮੁਆਫੀ ਦੀ ਵਾਅਦਾ ਖਿਲਾਫੀ ਅਤੇ ਫਸਲਾਂ ਦੇ ਲਾਹੇਬੰਦ ਭਾਅ ਤੋ ਭੱਜਣ ਅਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਪੰਜਾਬ ਦੀਆਂ ਸੱਤ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਦੋ ਘੰਟੇ ਲਈ ਸੜਕੀ ਆਵਾਜਾਈ ਠੱਪ ਕਰਨ ਲਈ ਅੱਜ ਸੈਂਕੜਿਆਂ ਦੀ ਗਿਣਤੀ 'ਚ ਕਿਸਾਨਾਂ ਵੱਲੋਂ ਬੁਢਲਾਡਾ-ਭੀਖੀ ਰੋਡ 'ਤੇ ਧਰਨਾ ਲਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਵੇਂ ਕਿਸਾਨ ਆਗੂਆਂ ਨੂੰ ਪੁਲਸ ਪ੍ਰਸ਼ਾਸ਼ਨ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਚਿਤਾਵਨੀ ਘਰਾਂ 'ਚ ਜਾ ਕੇ ਦਿੱਤੀ ਸੀ ਪਰ ਫਿਰ ਵੀ ਸੈਕੜੇਂ ਕਿਸਾਨ ਬੇਖੋਫ ਹੋ ਕੇ ਸੜਕੀ ਜਾਮ 'ਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਹੀ ਕਿਸਾਨਾਂ ਸਿਰ ਕਰਜਾ ਚੜਿਆ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਨਾ ਤਾਂ ਕਿਸਾਨਾਂ ਦੀਆਂ ਜਿਣਸਾਂ ਦੇ ਪੂਰੇ ਭਾਅ ਦਿੱਤੇ ਗਏ ਅਤੇ ਉਪਰੋਂ ਸੰਘਰਸ਼ ਕਰ ਰਹੇ ਕਿਸਾਨਾਂ ਮਜਦੂਰਾਂ ਤੇ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਕੁਚਲਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕੀ ਕਰਜ਼ਾ ਮੋੜਨ ਤੋਂ ਅਸਮਰਥ ਕਿਸਾਨਾਂ ਦਾ ਸਾਰਾ ਕਰਜਾ ਖਤਮ ਕੀਤਾ ਜਾਵੇ। ਇਸ ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜੁਗਿੰਦਰ ਸਿੰਘ ਦਿਆਲਪੁਰਾ, ਬਲਾਕ ਆਗੂ ਜਗਸੀਰ ਸਿੰਘ ਦੋਦੜਾ, ਡਕੌਂਦਾ ਦੇ ਸੂਬਾ ਕਮੇਟੀ ਆਗੂ ਕੁਲਵੰਤ ਸਿੰਘ, ਰਾਮਫਲ ਸਿੰਘ ਬਹਾਦਰਪੁਰ, ਮਹਿੰਦਰ ਸਿੰਘ ਕੁਲਰੀਆ ਅਤੇ ਉਗਰਾਹਾਂ ਦੇ ਮੇਜ ਸਿੰਘ ਗੋਬਿੰਦਪੁਰਾ ਅਤੇ ਡਕੌੰਦਾ ਦੇ ਬਲਾਕ ਪ੍ਰਧਾਨ ਲਛਮਣ ਸਿੰਘ ਚੱਕ ਅਲੀਸੇਰ ਸਮੇਤ ਸੈਕੜੇ ਦੀ ਗਿਣਤੀ 'ਚ ਕਿਸਾਨ ਹਾਜ਼ਰ ਸਨ। 


Related News