ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਫੂਕਿਆ ਪੰਜਾਬ ਰਾਜ ਪਾਵਰਕਾਮ ਦਾ ਪੁਤਲਾ

01/17/2018 12:19:27 AM

ਅਬੋਹਰ(ਸੁਨੀਲ, ਰਹੇਜਾ)—ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਪ੍ਰਦੇਸ਼ ਕਮੇਟੀ ਪੰਜਾਬ ਰਾਜ ਪਾਵਰਕਾਮ ਦੇ ਸੱਦੇ 'ਤੇ ਬੰਦ ਕੀਤੇ ਗਏ ਥਰਮਲਾਂ ਨੂੰ ਦੁਬਾਰਾ ਤੋਂ ਸ਼ੁਰੂ ਕਰਵਾਉਣ, ਨੌਕਰੀ ਤੋਂ ਕੱਢੇ ਨੇਤਾਵਾਂ ਨੂੰ ਬਹਾਲ ਕਰਨ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ, ਤਨਖਾਹ ਦੇ ਸਕੇਲਾਂ ਵਿਚ ਵਾਧਾ ਕਰਵਾਉਣ ਅਤੇ ਹੋਰਨਾਂ ਮੰਗਾਂ ਨੂੰ ਮੰਨਵਾਉਣ ਲਈ ਹੱਥਾਂ ਵਿਚ ਬੈਨਰ ਲੈ ਕੇ ਨਗਰ ਵਿਚ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮਾਂ ਨੇ ਪੰਜਾਬ ਰਾਜ ਪਾਵਰਕਾਮ ਦੀ ਪ੍ਰਬੰਧਨ ਦਾ ਪੁਤਲਾ ਫੂਕਿਆ। ਇਸ ਧਰਨੇ ਵਿਚ ਟੈਕਨੀਕਲ ਸਰਵਿਸਜ਼ ਯੂਨੀਅਨ, ਠੇਕਾ ਮੁਲਾਜ਼ਮ, ਸਾਂਝਾ ਫੋਰਮ ਦੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰ ਵੀ ਸ਼ਾਮਲ ਹੋਏ। ਜਾਣਕਾਰੀ ਦਿੰਦਿਆਂ ਮੰਡਲ ਸਕੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਥਰਮਲ ਪਲਾਂਟ ਨੂੰ ਸ਼ੁਰੂ ਰੱਖਣ ਦੇ ਵਾਅਦੇ ਤੋਂ ਉਲਟ ਕੀਤਾ ਜਾ ਰਿਹਾ ਹੈ। ਬੀਤੇ ਸਾਲਾਂ ਵਿਚ ਬਠਿੰਡਾ ਥਰਮਲ ਪਲਾਂਟ ਉਪਰ 715 ਕਰੋੜ ਰੁਪਏ ਖਰਚ ਕਰ ਕੇ ਉਸ ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਉਸ ਦੀ ਮਿਆਦ 2019 ਤੱਕ ਵਧਾਈ ਗਈ ਸੀ। ਇਸ ਪਲਾਂਟ ਮੁਤਾਬਕ 80 ਪ੍ਰਤੀਸ਼ਤ ਲੋਡ ਫੈਕਟਰ 'ਤੇ ਚਲਾਇਆ ਜਾਵੇ ਤਾਂ ਸਾਢੇ 4 ਰੁਪਏ ਪ੍ਰਤੀ ਯੂਨਿਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਜਦਕਿ ਪ੍ਰਾਈਵੇਟ ਸੋਲਰ ਪਲਾਂਟਾਂ ਤੋਂ 18 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦੀ ਜਾ ਰਹੀ ਹੈ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਥਰਮਲ ਨੂੰ ਬੰਦ ਕਰਨ ਦਾ ਕਦਮ ਬਿਜਲੀ ਐਕਟ 2003 ਤਹਿਤ ਮੁਲਾਜ਼ਮ ਤੇ ਲੋਕ ਵਿਰੋਧੀ ਨਿੱਜੀਕਰਨ ਦੀ ਨੀਤੀ ਨੂੰ ਧੱਕੇ ਨਾਲ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਥਰਮਲ ਪਲਾਂਟਾਂ 'ਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਨੁਕਸਾਨ ਤਾਂ ਹੋਣਾ ਹੀ ਹੈ ਅਤੇ ਇਸਦੇ ਬੰਦ ਹੋਣ ਨਾਲ ਰੁਜ਼ਗਾਰ ਦੇ ਮੌਕੇ ਸਮਾਪਤ ਹੋ ਗਏ ਹਨ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਖਪਤਕਾਰਾਂ 'ਤੇ ਵਾਧੂ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿੱਜੀਕਰਨ ਵਿਰੁੱਧ ਸੰਘਰਸ਼ ਕਰਦੇ ਹੋਏ ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਦੋ ਨੇਤਾਵਾਂ ਨੂੰ ਦੂਜੀ ਵਾਰ ਸਜ਼ਾ ਦਿੰਦਿਆਂ ਪ੍ਰਬੰਧਨ ਨੇ ਡਿਸਮਿਸ ਕੀਤਾ ਹੈ। ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਦੇ ਦਬਾਅ ਕਾਰਨ ਪੰਜਾਬ ਸਰਕਾਰ ਵੱਲੋਂ ਸਾਲ 2016 ਵਿਚ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਬਣੇ ਐਕਟ ਤਹਿਤ ਉਨ੍ਹਾਂ ਨੂੰ ਪੱਕਾ ਕਰਨ ਦੀ ਬਜਾਏ ਕੰਮ ਤੋਂ ਹਟਾਇਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ਾ ਮੁਆਫੀ ਅਤੇ ਹੋਰਨਾਂ ਮੰਗਾਂ ਲਈ ਕੀਤੇ ਜਾ ਰਹੇ ਸੰਘਰਸ਼ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਥਰਮਲ ਪਲਾਂਟ ਨੂੰ ਫਿਰ ਤੋਂ ਚਲਾਉਣ ਲਈ ਬਠਿੰਡਾ ਵਿਚ ਲਾਏ ਗਏ ਪੱਕੇ ਮੋਰਚੇ ਦੀ ਹਮਾਇਤ ਕੀਤੀ। ਧਰਨੇ ਨੂੰ ਮਾਯਾ ਪ੍ਰਕਾਸ਼, ਜਗਤ ਸਿੰਘ, ਜੋਗਾ ਸਿੰਘ, ਸੁਰੇਸ਼ ਸਿੰਘ, ਰਤਨ ਰਾਜ ਸ਼ਰਮਾ, ਸ਼ਿਵ ਚਰਨ, ਅਨਿਦਾਨ, ਚਿਮਨ ਲਾਲ, ਵਿਜੈ ਕੁਮਾਰ ਅਤੇ ਕ੍ਰਿਸ਼ਨ ਘਾਇਲ ਨੇ ਸੰਬੋਧਨ ਕੀਤਾ। 


Related News