9ਵਾਂ ਦਿਨ : ਥਰਮਲ ਕਰਮਚਾਰੀਆਂ ਦਾ ਧਰਨਾ ਜਾਰੀ

01/10/2018 6:56:37 AM

ਬਠਿੰਡਾ(ਸੁਖਵਿੰਦਰ)-ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿਚ ਕੱਚੇ ਕਰਮਚਾਰੀਆਂ ਵੱਲੋਂ ਲਾਇਆ ਗਿਆ ਪੱਕਾ ਮੋਰਚਾ 9ਵੇਂ ਦਿਨ ਵੀ ਜਾਰੀ ਰਿਹਾ। ਕੜਾਕੇ ਦੀ ਠੰਡ ਵਿਚ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕਰ ਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਸੈਕਟਰੀਏਟ ਦੇ ਮੇਨ ਗੇਟ ਅੱਗੇ ਲੇਟ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਪੁਲਸ ਵੱਲੋਂ ਭਾਰੀ ਪੁਲਸ ਫੋਰਸ ਦੀ ਮਦਦ ਨਾਲ ਧਰਨਾਕਾਰੀਆਂ ਨੂੰ ਸੈਕਟਰੀਏਟ ਵਿਚ ਜਾਣ ਤੋਂ ਰੋਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਥਰਮਲ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਕਨਵੀਨਰ ਰਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਥਰਮਲ ਕਰਮਚਾਰੀ ਛੋਟੇ ਬੱਚਿਆਂ ਸਮੇਤ ਧਰਨੇ 'ਚ ਪਿਛਲੇ 9 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਸਰਕਾਰ ਅਤੇ ਪ੍ਰਸ਼ਾਸਨ ਦੇ ਰਵੱਈਏ ਤੋਂ ਰੋਸ ਵਿਚ ਆਏ ਮੁਲਾਜ਼ਮਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪੁਲਸ ਵੱਲੋਂ ਰਸਤੇ ਵਿਚ ਰੋਕਣ 'ਤੇ ਧਰਨਾਕਾਰੀਆਂ ਨੇ ਸੈਕਟਰੀਏਟ ਦੇ ਮੇਨ ਗੇਟ ਅੱਗੇ ਲੇਟ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਭਰਾਤਰੀ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਹਮਾਇਤ ਦਿੱਤੀ ਜਾ ਰਹੀ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਚੁੱਪੀ ਧਾਰੀ ਹੈ। ਉਨ੍ਹਾਂ ਮੰਗ ਕੀਤੀ ਕਿ ਥਰਮਲ ਬੰਦ ਕਰਨ ਦੇ ਫੈਸਲੇ 'ਤੇ ਸਰਕਾਰ ਮੁੜ ਵਿਚਾਰ ਕਰੇ ਅਤੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਹ ਪੱਕੇ ਮੋਰਚੇ ਨੂੰ ਜਾਰੀ ਰੱਖਣਗੇ। ਜੇਕਰ ਕੋਈ ਅਣਸੁਖਾਵੇਂ ਨਤੀਜੇ ਨਿਕਲਦੇ ਹਨ ਤਾਂ ਇਸ ਦੀ ਜ਼ਿੰਮੇਵਾਰ ਕੈਪਟਨ ਸਰਕਾਰ ਹੋਵੇਗੀ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਵਰਿੰਦਰ ਸਿੰਘ, ਬਲਿਹਾਰ ਸਿੰਘ, ਸੰਦੀਪ ਖਾਂ, ਲਛਮਣ ਸਿੰਘ, ਰਾਜੇਸ਼ ਕੁਮਾਰ, ਰਛਪਾਲ ਸਿੰਘ, ਜਗਤਾਰ ਸਿੰਘ ਖੁੰਡਾ, ਬਲਜੀਤ ਸਿੰਘ ਪੂਹਲਾ, ਮਿੱਠੂ ਸਿੰਘ ਦਸੌਦੀਆਂ, ਅਸ਼ਵਨੀ ਕੁਮਾਰ, ਜਗਰੂਪ ਸਿੰਘ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਪੰਨੂੰ, ਜਗਸੀਰ ਸਿੰਘ ਭੰਗੂ ਆਦਿ ਮੌਜੂਦ ਸਨ।
ਇੰਜੀਨੀਅਰ ਐਸੋਸੀਏਸ਼ਨ ਨੇ ਕੀਤੀ ਰੋਸ ਰੈਲੀ
ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮਾਮਲੇ ਨੂੰ ਲੈ ਕੇ ਪੀ. ਐੱਸ. ਈ. ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸੰਜੀਵ ਸੂਦ ਦੀ ਅਗਵਾਈ ਹੇਠ ਇੰਜੀਨੀਅਰਾਂ ਵੱਲੋਂ ਥਰਮਲ ਦੇ ਗੇਟ ਅੱਗੇ ਰੋਸ ਰੈਲੀ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇੰਜ. ਰਜਿੰਦਰ ਭਗਤ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦਵਿੰਦਰ ਗੋਇਲ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਬਠਿੰਡਾ ਦੇ ਥਰਮਲ ਪਲਾਂਟ ਨੂੰ ਕੇਂਦਰੀ ਬਿਜਲੀ ਅਥਾਰਟੀ ਦਾ ਬਹਾਨਾ ਬਣਾ ਕੇ ਬੰਦ ਕੀਤਾ ਜਾ ਰਿਹਾ ਹੈ, ਜਦ ਕਿ ਅਜਿਹੀਆਂ ਕੋਈ ਵੀ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕੇਂਦਰੀ ਬਿਜਲੀ ਅਥਾਰਟੀ ਵੱਲੋਂ ਉਨ੍ਹਾਂ ਪਲਾਂਟਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਨ੍ਹਾਂ ਦੀ ਸਮਰੱਥਾ 100 ਮੈਗਾਵਾਟ ਤੋਂ ਘੱਟ ਹੈ ਪਰ ਬਠਿੰਡਾ ਦੇ ਥਰਮਲ ਪਲਾਂਟ ਦੀ ਸਮਰੱਥਾ ਇਸ ਤੋਂ ਜ਼ਿਆਦਾ ਹੈ, ਜਿਸ ਨੂੰ ਲਗਭਗ 10 ਸਾਲ ਤੱਕ ਹੋਰ ਚਲਾਇਆ ਜਾ ਸਕਦਾ ਹੈ।
ਸ਼੍ਰੀ ਸੂਦ ਨੇ ਕਿਹਾ ਕਿ ਉਕਤ ਸਰਕਾਰ ਵੱਲੋਂ ਉਕਤ ਯੂਨਿਟਾਂ 'ਤੇ ਕਰੋੜਾਂ ਰੁਪਏ ਖਰਚ ਕਰ ਕੇ ਇਸ ਦੀ ਸਮਰੱਥਾ ਨੂੰ ਵਧਾਇਆ ਜਾ ਚੁੱਕਾ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਉਕਤ ਥਰਮਲ ਪਲਾਂਟ ਨੂੰ ਬੰਦ ਕਰਨ ਨਾਲ ਸੈਂਕੜੇ ਨੌਜਵਾਨ ਬੇਰੁਜ਼ਗਾਰ ਹੋਣਗੇ। ਉਨ੍ਹਾਂ ਮੰਗ ਕੀਤੀ ਕਿ ਉਕਤ ਥਰਮਲ ਪਲਾਂਟ ਨੂੰ ਮੁੜ ਚਲਾਇਆ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਥਰਮਲ ਪਲਾਂਟ ਨੂੰ ਮੁੜ ਨਾ ਚਲਾਇਆ ਗਿਆ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।


Related News