ਟਰੈਕਟਰ ''ਤੇ ਟੈਕਸ ਲਾਉਣ ਦੇ ਫੈਸਲੇ ਖ਼ਿਲਾਫ਼ ਕਿਸਾਨਾਂ ਨੇ ਫੂਕੀ ਸਰਕਾਰ ਦੀ ਅਰਥੀ

Sunday, Oct 29, 2017 - 01:40 AM (IST)

ਭੁੱਚੋ ਮੰਡੀ(ਨਾਗਪਾਲ)-ਪਿੰਡ ਭੁੱਚੋ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਸਾਨ ਦੇ ਟਰੈਕਟਰ 'ਤੇ ਟੈਕਸ ਲਾਉਣ ਦੇ ਫੈਸਲੇ ਖ਼ਿਲਾਫ਼ ਬਲਾਕ ਪ੍ਰਧਾਨ ਅਤੇ ਜਗਜੀਤ ਸਿੰਘ ਭੁੱਚੋ ਖੁਰਦ ਦੀ ਅਗਵਾਈ 'ਚ ਕਿਸਾਨਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਰਥੀ ਫੂਕੀ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬੂਟਾ ਸਿੰਘ ਨੇ ਕਿਹਾ ਕਿ ਟਰੈਕਟਰ ਕਿਸਾਨਾਂ ਦਾ ਗੱਡਾ ਹੈ। ਸਰਕਾਰ ਵੱਲੋਂ ਇਸ 'ਤੇ ਟੈਕਸ ਲਾਉਣ ਦੇ ਫ਼ੈਸਲੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਭਾਵੇਂ ਕਿਸਾਨਾਂ ਨੂੰ ਲੰਬਾ ਸੰਘਰਸ਼ ਕਿਉਂ ਨਾ ਲੜਨਾ ਪਵੇ। ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਦਿਨੋ-ਦਿਨ ਕਰਜ਼ਾਈ ਹੋ ਰਿਹਾ ਹੈ, ਜਿਨ੍ਹਾਂ ਤੋਂ ਪਰੇਸ਼ਾਨ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਜਗਜੀਤ ਸਿੰਘ ਭੁੱਚੋ ਖੁਰਦ ਨੇ ਕਿਸਾਨਾਂ ਨੂੰ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ ਅਤੇ ਕਿਸਾਨ ਪਰਾਲੀ ਨੂੰ ਜ਼ਮੀਨ 'ਚ ਵਾਹੁਣ ਲਈ ਫਾਲਤੂ ਖਰਚ ਨਾ ਕਰਨ ਅਤੇ ਇਸ ਨੂੰ ਅੱਗ ਲਾ ਕੇ ਸਾੜਿਆ ਜਾਵੇ। 
ਇਸ ਮੌਕੇ ਪਿੰਡ ਇਕਾਈ ਦੇ ਪ੍ਰਧਾਨ ਤੇਜਾ ਸਿੰਘ, ਬੂਟਾ ਸਿੰਘ ਲਾਲੀ, ਸੇਮਾ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ, ਭਿੰਦਰ ਸਿੰਘ, ਬਾਰੂ ਸਿੰਘ ਸੇਮਾ, ਮਿੱਠੂ ਸਿੰਘ ਫੌਜੀ, ਗੱਗੀ ਸੇਮਾ, ਪੱਪੀ ਮੈਂਬਰ, ਪਾਲਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ।  
ਕੇਂਦਰ ਤੇ ਕੈਪਟਨ ਸਰਕਾਰ ਦੇ ਪੁਤਲੇ ਫੂਕੇ 
ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਅਮਰਜੀਤ ਸਿੰਘ ਹਨੀ ਦੀ ਅਗਵਾਈ 'ਚ ਪਿੰਡ ਜੋਗਾਨੰਦ ਵਿਖੇ ਕੇਂਦਰ ਅਤੇ ਕੈਪਟਨ ਸਰਕਾਰ ਦੇ ਪੁਤਲੇ ਬਣਾ ਕੇ ਕਿਸਾਨਾਂ ਵੱਲੋਂ ਫੂਕੇ ਗਏ ਅਤੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਹਾਜ਼ਰੀਨ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸਾਨ ਦਾ ਗੱਡਾ ਸਮਝੇ ਜਾਂਦੇ ਟਰੈਕਟਰ 'ਤੇ ਟੈਕਸ ਲਾ ਕੇ ਕਿਸਾਨਾਂ ਦੇ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਕਣਕ ਦਾ ਵਾਜਿਬ ਮੁੱਲ ਨਾ ਦੇਣਾ ਵੀ ਕਿਸਾਨਾਂ ਨੂੰ ਖੁਦਕੁਸ਼ੀ ਵੱਲ ਧੱਕਣ ਵਾਲਾ ਕਦਮ ਹੈ। ਸਰਕਾਰ ਕਿਸਾਨਾਂ ਦੀ ਆਰਥਕ ਹਾਲਤ ਸੁਧਾਰਨ ਦੀ ਥਾਂ ਉਨ੍ਹਾਂ 'ਤੇ ਨਵੇਂ-ਨਵੇਂ ਟੈਕਸ ਲਾ ਕੇ ਵਿਗਾੜ ਰਹੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਗਸੀਰ ਸਿੰਘ, ਲਾਡੀ ਸਿੰਘ, ਪੱਪੀ ਸਿੰਘ, ਦਰਸ਼ਨ ਸਿੰਘ ਆਦਿ ਤੋਂ ਇਲਾਵਾ ਅਨੇਕਾਂ ਕਿਸਾਨ ਹਾਜ਼ਰ ਸਨ।


Related News