ਮੰਡੀਆਂ ''ਚ ਪ੍ਰਬੰਧਾਂ ਦੀ ਘਾਟ ਤੇ ਮਾਲ ਨਾ ਵਿਕਣ ਕਾਰਨ ਕਿਸਾਨ-ਮਜ਼ਦੂਰ ਪ੍ਰੇਸ਼ਾਨ
Thursday, Oct 26, 2017 - 02:05 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)–ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ 'ਚ ਚੰਗੇ ਪ੍ਰਬੰਧ ਅਤੇ ਕਿਸਾਨਾਂ ਨੂੰ ਰਾਹਤ ਦੇਣ ਦੇ ਵਾਅਦਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਕਿਸਾਨ ਕਈ-ਕਈ ਦਿਨ ਤੋਂ ਮੰਡੀਆਂ 'ਚ ਰੁਲ ਰਹੇ ਹਨ। ਅਨਾਜ ਮੰਡੀਆਂ 'ਚ ਫਟੇ ਤੇ ਪੁਰਾਣੇ ਬਾਰਦਾਨੇ ਦੀ ਭਰਮਾਰ ਹੈ। ਕਿਸਾਨਾਂ ਤੇ ਮਜ਼ਦੂਰਾਂ ਲਈ ਨਹਾਉਣ ਤੇ ਪਖਾਨੇ ਜਾਣ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਹਨ। ਇਨ੍ਹਾਂ ਕਮੀਆਂ ਕਾਰਨ ਪਿੰਡ ਚੁਹਾਣਕੇ ਕਲਾਂ ਤੇ ਵਜੀਦਕੇ ਕਲਾਂ 'ਚ ਕਿਸਾਨਾਂ ਤੇ ਮਜ਼ਦੂਰਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਖਰੀਦ ਸ਼ੁਰੂ ਹੋਣ ਤੋਂ 24 ਦਿਨ ਬਾਅਦ ਪੁੱਜਿਆ ਅਨਾਜ ਮੰਡੀ 'ਚ ਬਾਰਦਾਨਾ : ਕਿਸਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਨੇ 1 ਅਕਤੂਬਰ ਤੋਂ ਜ਼ਿਲੇ 'ਚ ਝੋਨਾ ਖਰੀਦਣ ਦੇ ਹੁਕਮ ਜਾਰੀ ਕੀਤੇ ਸਨ। ਪਿਛਲੇ ਕਈ ਦਿਨਾਂ ਤੋਂ ਕਿਸਾਨ ਵਜੀਦਕੇ ਕਲਾਂ ਮੰਡੀ 'ਚ ਆਪਣਾ ਮਾਲ ਲੈ ਕੇ ਆਏ ਹੋਏ ਹਨ ਪਰ ਖਰੀਦ ਏਜੰਸੀ ਨੇ ਇਥੇ ਆਪਣਾ ਬਾਰਦਾਨਾ ਹੀ ਨਹੀਂ ਭੇਜਿਆ ਜਿਸ ਕਾਰਨ ਕਿਸਾਨਾਂ ਦੇ ਮਾਲ ਦੀ ਖਰੀਦ ਵੀ ਨਹੀਂ ਕੀਤੀ ਗਈ। ਬੀਤੇ ਦਿਨੀਂ ਇਸ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੀ ਖਰੀਦ ਏਜੰਸੀ ਦੇ ਇੰਸਪੈਕਟਰ ਨਾਲ ਤਕਰਾਰ ਵੀ ਹੋਈ ਸੀ। ਪਿੰਡ ਵਾਸੀਆਂ ਵੱਲੋਂ ਧਰਨਾ ਦੇਣ ਦੀ ਧਮਕੀ ਤੋਂ ਬਾਅਦ ਹੀ ਬਾਰਦਾਨਾ ਅਨਾਜ ਮੰਡੀ 'ਚ ਆਇਆ ਹੈ ਜਦੋਂਕਿ ਖਰੀਦ ਸ਼ੁਰੂ ਹੋਈ ਨੂੰ 24 ਦਿਨ ਬੀਤ ਚੁੱਕੇ ਹਨ ਤੇ ਇੰਨੇ ਦਿਨਾਂ ਬਾਅਦ ਬਾਰਦਾਨਾ ਅਨਾਜ ਮੰਡੀ ਆਉਣਾ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹਦਾ ਹੈ।
ਅੱਠ ਦਿਨਾਂ ਤੋਂ ਰੁਲ ਰਿਹਾ ਹਾਂ ਮੰਡੀ 'ਚ
ਪਿੰਡ ਚੁਹਾਣਕੇ ਕਲਾਂ ਦੀ ਅਨਾਜ ਮੰਡੀ 'ਚ ਗੱਲਬਾਤ ਕਰਦਿਆਂ ਬਿਰਧ ਕਿਸਾਨ ਬਲਦੇਵ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਚੁਹਾਣਕੇ ਕਲਾਂ ਨੇ ਦੱਸਿਆ ਕਿ ਉਹ ਪਿਛਲੇ ਅੱਠ ਦਿਨਾਂ ਤੋਂ ਆਪਣਾ ਝੋਨਾ ਲੈ ਕੇ ਅਨਾਜ ਮੰਡੀ 'ਚ ਰੁਲ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਗੱਲ ਨਹੀਂ ਸੁਣੀ। ਇਸੇ ਤਰ੍ਹਾਂ ਭਰਪੂਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਜੀਦਕੇ ਕਲਾਂ ਨੇ ਦੱਸਿਆ ਕਿ ਮੰਡੀ 'ਚ ਆਏ ਨੂੰ ਚਾਰ ਦਿਨ ਬੀਤ ਗਏ ਹਨ ਪਰ ਅਜੇ ਤੱਕ ਫ਼ਸਲ ਨਹੀਂ ਵਿਕੀ। ਸ਼ੈਲਰ ਵਾਲਿਆਂ ਤੇ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੇ ਨਮੀ ਨੂੰ ਚੈੱਕ ਕਰਨ ਵਾਲੇ ਮੀਟਰਾਂ 'ਚ ਵੀ ਭਾਰੀ ਫ਼ਰਕ ਹੈ। ਅਸੀਂ ਇਨ੍ਹਾਂ ਦੋਵਾਂ ਦੀ ਚੱਕੀ 'ਚ ਪਿਸ ਰਹੇ ਹਾਂ।
ਪਖਾਨੇ ਲਈ ਖੇਤਾਂ 'ਚ ਜਾਣ ਨੂੰ ਮਜਬੂਰ
ਮਜ਼ਦੂਰ ਦਲੀਪ ਕੁਮਾਰ ਨੇ ਦੱਸਿਆ ਕਿ ਚੁਹਾਣਕੇ ਕਲਾਂ ਮੰਡੀ 'ਚ ਪਖਾਨੇ ਜਾਣ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਹਨ ਇਸ ਲਈ ਖੇਤਾਂ 'ਚ ਪਖਾਨੇ ਜਾਣ ਲਈ ਮਜਬੂਰ ਹਨ ਪਰ ਉਥੇ ਵੀ ਸਾਡੀਆਂ ਮੁਸ਼ਕਿਲਾਂ ਘੱਟ ਨਹੀਂ ਹੁੰਦੀਆਂ। ਸਾਨੂੰ ਖੇਤ ਮਾਲਕ-ਕਿਸਾਨ ਡੰਡਾ ਦਿਖਾ ਕੇ ਉਥੋਂ ਭਜਾ ਦਿੰਦਾ ਹੈ। ਇਕ ਪਾਸੇ ਤਾਂ ਮੋਦੀ ਸਰਕਾਰ ਨੇ ਖੁੱਲ੍ਹੇ 'ਚ ਪਖਾਨਾ ਜਾਣ ਤੋਂ ਰੋਕਿਆ ਹੋਇਆ ਪਰ ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਨੇ ਮੰਡੀਆਂ 'ਚ ਪਖਾਨੇ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ।
