ਆਂਗਣਵਾੜੀ ਵਰਕਰਾਂ ''ਤੇ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ

Wednesday, Oct 25, 2017 - 03:07 AM (IST)

ਆਂਗਣਵਾੜੀ ਵਰਕਰਾਂ ''ਤੇ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ

ਖੰਨਾ(ਸੁਖਵਿੰਦਰ ਕੌਰ)-ਪਟਿਆਲਾ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ 'ਤੇ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪੁਲਸ ਵੱਲੋਂ ਕੀਤੇ ਗਏ ਤਸ਼ੱਦਦ, ਲਾਠੀਚਾਰਜ ਅਤੇ ਝੂਠੇ ਮਾਮਲੇ ਦਰਜ ਕਰ ਕੇ ਗ੍ਰਿਫਤਾਰ ਕੀਤੇ ਜਾਣ ਵਿਰੁੱਧ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਅਮਲੋਹ ਰੋਡ ਤੋਂ ਇਕ ਰੋਸ ਮਾਰਚ ਕੱਢਿਆ ਗਿਆ। ਉਪਰੰਤ ਜੀ. ਟੀ. ਰੋਡ 'ਤੇ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕਰ ਕੇ ਜੀ. ਟੀ. ਰੋਡ ਜਾਮ ਕੀਤਾ ਗਿਆ, ਜਿਸ ਤੋਂ ਬਾਅਦ ਆਂਗਣਵਾੜੀ ਵਰਕਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਸ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਆਂਗਣਵਾੜੀ ਵਰਕਰਾਂ ਨੇ ਕਿਹਾ ਕਿ ਪਟਿਆਲਾ ਵਿਖੇ ਪੁਲਸ ਵੱਲੋਂ ਰਾਤ ਨੂੰ ਸੁੱਤੀਆਂ ਪਈਆਂ ਵਰਕਰਾਂ 'ਤੇ ਪਾਣੀ ਦੀਆਂ ਬੌਛਾਰਾਂ ਤੇ ਹਨੇਰੇ 'ਚ ਲਾਠੀਚਾਰਜ ਦੀ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਹਰਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਕੌਰ, ਨਛੱਤਰ ਕੌਰ ਸਕੱਤਰ, ਬਲਵੀਰ ਕੌਰ ਦੀਵਾ, ਸੁਖਮਨ ਕੌਰ ਸਰਕਲ ਪ੍ਰਧਾਨ, ਸ਼ਸ਼ੀ ਸ਼ਰਮਾ ਮੀਤ ਪ੍ਰਧਾਨ, ਸਵਰਨ ਕੌਰ, ਨਿਧੀ, ਸੁਮਨ ਸ਼ਰਮਾ, ਰਜਨੀ, ਅਮਨ, ਬਲਜੀਤ ਕੌਰ ਸਮੇਤ ਵੱਡੀ ਗਿਣਤੀ ਸਮੂਹ ਆਂਗਣਵਾੜੀ ਹੈਲਪਰਾਂ ਤੇ ਵਰਕਰਾਂ ਹਾਜ਼ਰ ਸਨ।
ਪੁਲਸ ਅਤੇ ਆਂਗਣਵਾੜੀ ਵਰਕਰਾਂ 'ਚ ਹੋਈ ਬਹਿਸਬਾਜ਼ੀ
ਆਂਗਣਵਾੜੀ ਵਰਕਰਾਂ ਨੂੰ ਜੀ. ਟੀ. ਰੋਡ 'ਤੇ ਪ੍ਰਦਰਸ਼ਨ ਕਰਨ ਅਤੇ ਪੁਤਲਾ ਫੂਕਣ ਤੋਂ ਪੁਲਸ ਪ੍ਰਸ਼ਾਸਨ ਵੱਲੋਂ ਰੋਕ ਦਿੱਤਾ ਗਿਆ, ਜਿਸ ਨੂੰ ਲੈ ਕੇ ਐੱਸ. ਐੱਚ. ਓ. ਰਜਨੀਸ਼ ਸੂਦ ਅਤੇ ਆਂਗਣਵਾੜੀ ਵਰਕਰਾਂ ਵਿਚਕਾਰ ਕਾਫੀ ਬਹਿਸਬਾਜ਼ੀ ਹੋਈ। ਇਥੋਂ ਤੱਕ ਕਿ ਮਹਿਲਾ ਪੁਲਸ ਕਰਮਚਾਰੀਆਂ ਵੱਲੋਂ ਆਂਗਣਵਾੜੀ ਵਰਕਰਾਂ ਤੋਂ ਪੁਤਲਾ ਖੋਹ ਕੇ ਤੋੜ ਦਿੱਤਾ ਗਿਆ, ਜਿਸ ਨਾਲ ਪਹਿਲਾਂ ਤੋਂ ਹੀ ਪੰਜਾਬ ਪੁਲਸ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਨੇ ਗੁੱਸੇ 'ਚ ਆ ਕੇ ਖੰਨਾ ਪੁਲਸ ਪ੍ਰਸ਼ਾਸਨ ਵਿਰੁੱਧ ਜੀ. ਟੀ. ਰੋਡ 'ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।  


Related News