ਸ਼ਿੰਗਾਰ ਸਿਨੇਮੇ ਦੀ ਪਿਛਲੀ ਕੰਧ ਤੋੜ ਕੇ ਬਣਾਇਆ ਰਾਹ

Wednesday, Oct 25, 2017 - 03:05 AM (IST)

ਸ਼ਿੰਗਾਰ ਸਿਨੇਮੇ ਦੀ ਪਿਛਲੀ ਕੰਧ ਤੋੜ ਕੇ ਬਣਾਇਆ ਰਾਹ

ਲੁਧਿਆਣਾ(ਤਰੁਣ)- ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਹਰੀਸ਼ ਰਾਵਤ ਨੇ ਦੱਸਿਆ ਕਿ ਜਿਸ ਇਮਾਰਤ ਵਿਚ ਅੱਗ ਲੱਗੀ ਉਸ ਦੇ ਅੱਗੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਦੇ ਲਈ ਵੱਡਾ ਪੱਥਰ ਗਲੀ ਦੇ ਬਾਹਰ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਬੁਝਾਊ ਗੱਡੀਆਂ ਗਲੀ ਦੇ ਅੰਦਰ ਨਹੀਂ ਜਾ ਸਕੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ਿੰਗਾਰ ਸਿਨੇਮੇ ਦੀ ਪਿਛਲੀ ਕੰਧ ਨੂੰ ਤੋੜਿਆ ਅਤੇ ਰਾਹ ਬਣਾਇਆ। ਇਸ ਦੌਰਾਨ ਵਿਭਾਗ ਦੇ ਕਰਮਚਾਰੀਆਂ ਨੂੰ ਕੰਧ ਤੋੜਨ ਲਈ ਕਰੀਬ ਅੱਧੇ ਘੰਟੇ ਦਾ ਸਮਾਂ ਲੱਗਾ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂਕਿ ਹੌਜ਼ਰੀ ਮਾਲਕ ਦੇ ਭਤੀਜੇ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਫੈਕਟਰੀ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਫਾਇਰ ਬ੍ਰਿਗੇਡ ਵਿਭਾਗ ਦਾ ਸਟੇਸ਼ਨ ਹੈ। ਜੇਕਰ ਪੱਥਰ ਨਾ ਪਿਆ ਹੁੰਦਾ ਤਾਂ ਫਾਇਰ ਬ੍ਰਿਗੇਡ ਵਿਭਾਗ ਨੂੰ ਅੱਗ 'ਤੇ ਕਾਬੂ ਪਾਉਣ 'ਚ ਆਸਾਨੀ ਹੁੰਦੀ ਅਤੇ ਨੁਕਸਾਨ ਵੀ ਘੱਟ ਹੁੰਦਾ। ਉਨ੍ਹਾਂ ਨੇ ਖੁਦ ਜੇ. ਸੀ. ਬੀ. ਮਸ਼ੀਨ ਮੰਗਵਾਈ ਅਤੇ ਪੱਥਰ ਹਟਵਾਇਆ, ਤਦ ਜਾ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੰਦਰ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਪੱਥਰ ਹਟਾਉਣ 'ਚ ਡੇਢ ਘੰਟਾ ਲੱਗਾ। 
ਘਰਾਂ 'ਚੋਂ ਬਾਹਰ ਕੱਢੇ ਲੋਕ 
ਫੈਕਟਰੀ 'ਚ ਲੱਗੀ ਅੱਗ ਨਿਰੰਤਰ ਫੈਲ ਰਹੀ ਸੀ। ਇਲਾਕਾ ਪੁਲਸ ਵੱਲੋਂ ਪ੍ਰਸ਼ਾਸਨਿਕ ਕਰਮਚਾਰੀਆਂ ਨੇ ਆਸ-ਪਾਸ ਦੇ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਘਰਾਂ ਤੋਂ ਨਿਕਲਣ ਲਈ ਕਿਹਾ, ਜਿਸ ਦੇ ਬਾਅਦ ਕਈ ਘਰਾਂ ਤੋਂ ਲੋਕ ਬਾਹਰ ਨਿਕਲੇ। ਫੈਕਟਰੀ ਦੇ ਨੇੜੇ ਹੀ ਇਕ ਘਰ ਦੇ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਵਧਦੀ ਅੱਗ ਨੂੰ ਦੇਖ ਕੇ ਉਹ ਆਪਣੇ ਪਰਿਵਾਰ ਦੇ ਨਾਲ ਘਰ 'ਚੋਂ ਬਾਹਰ ਨਿਕਲੇ। ਕਾਫੀ ਦੇਰ ਤੱੱਕ ਅੱਗ ਲੱਗਣ ਕਾਰਨ ਇਲਾਕੇ 'ਚ ਖੌਫ ਦਾ ਸਾਇਆ ਬਣਿਆ ਰਿਹਾ। 
ਪ੍ਰਸ਼ਾਸਨਿਕ ਅਧਿਕਾਰੀ ਅਤੇ ਨੇਤਾ ਘਟਨਾ ਸਥਾਨ 'ਤੇ ਪਹੁੰਚੇ 
ਅੱਗ ਲੱਗਣ ਦੀ ਖ਼ਬਰ ਦਾ ਪਤਾ ਲੱਗਦੇ ਹੀ ਐੱਸ. ਡੀ. ਐੱਮ. ਅਮਰਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਕਾਂਗਰਸੀ ਵਿਧਾਇਕ ਸੁਰਿੰਦਰ ਡਾਬਰ, ਸੰਜੇ ਤਲਵਾੜ ਵੀ ਮੌਕੇ 'ਤੇ ਪਹੁੰਚੇ ਅਤੇ ਫੈਕਟਰੀ ਮਾਲਕ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। 
ਫੈਕਟਰੀ ਦੇ ਕਰਮਚਾਰੀ ਵੀ ਦਿਖੇ ਦੁਖੀ
ਫੈਕਟਰੀ ਦੇ ਇਕ ਕਰਮਚਾਰੀ ਪੱਪੂ ਨੇ ਦੱਸਿਆ ਕਿ ਉਹ ਪ੍ਰੈੱਸ ਮੈਨ ਹੈ ਅਤੇ ਕਰੀਬ 5 ਸਾਲ ਤੋਂ ਫੈਕਟਰੀ 'ਚ ਕੰਮ ਕਰ ਰਿਹਾ ਹੈ। ਫੈਕਟਰੀ ਮਾਲਕ ਸਵੇਰੇ ਕਰੀਬ 7.30 ਵਜੇ ਫੈਕਟਰੀ ਖੋਲ੍ਹ ਦਿੰਦੇ ਹਨ, ਜਦਕਿ ਰਾਤ 8 ਵਜੇ ਫੈਕਟਰੀ ਬੰਦ ਕਰ ਦਿੱਤੀ ਜਾਂਦੀ ਹੈ। ਸੀਜ਼ਨ ਹੋਣ ਕਾਰਨ ਪੂਰੀ ਤੇਜ਼ੀ ਨਾਲ ਫੈਕਟਰੀ 'ਚ ਕੰਮ ਚੱਲ ਰਿਹਾ ਸੀ ਪਰ ਇਸ ਅੱਗ ਦੀ ਘਟਨਾ ਤੋਂ ਬਾਅਦ ਸੈਂਕੜੇ ਪੁਰਸ਼ ਅਤੇ ਮਹਿਲਾ ਕਰਮਚਾਰੀ ਨਿਰਾਸ਼ ਦਿਖਾਈ ਦਿੱਤੇ।


Related News