ਆਂਗਨਵਾੜੀ ਵਰਕਰਾਂ ਤੇ ਪੁਲਸ ''ਚ ਧੱਕਾ-ਮੁੱਕੀ

Tuesday, Jul 11, 2017 - 04:08 AM (IST)

ਆਂਗਨਵਾੜੀ ਵਰਕਰਾਂ ਤੇ ਪੁਲਸ ''ਚ ਧੱਕਾ-ਮੁੱਕੀ

ਸੰਗਰੂਰ(ਬੇਦੀ, ਰੂਪਕ, ਵਿਵੇਕ ਸਿੰਧਵਾਨੀ, ਰਵੀ)—  ਆਂਗਨਵਾੜੀ ਵਰਕਰ ਮੁਲਾਜ਼ਮ ਯੂਨੀਅਨ ਸੀਟੂ ਨੇ ਸੋਮਵਾਰ ਨੂੰ ਜ਼ਿਲਾ ਪ੍ਰਧਾਨ ਗੁਰਮੇਲ ਬਿੰਜੋਕੀ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਲਈ ਕਾਲੇ ਦੁਪੱਟੇ ਲੈ ਕੇ ਪ੍ਰਦਰਸ਼ਨ ਕਰਦਿਆਂ ਮੰਗ ਦਿਵਸ ਮਨਾਇਆ। ਆਗੂਆਂ ਨੇ ਕਿਹਾ ਕਿ ਆਈ. ਸੀ. ਡੀ. ਐੱਸ. ਸਕੀਮ ਤਹਿਤ 10 ਕਰੋੜ ਤੋਂ ਵੱਧ ਬੱਚਿਆਂ ਅਤੇ 2 ਕਰੋੜ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਅਤੇ ਖੁਰਾਕ ਮੁਹੱਈਆ ਕਰਵਾਈ ਜਾਂਦੀ ਹੈ ਪਰ ਜਿਸ ਦਿਨ ਦੀ ਕੇਂਦਰ 'ਚ ਮੋਦੀ ਸਰਕਾਰ ਆਈ, ਉਸੇ ਦਿਨ ਤੋਂ ਉਹ ਇਹ ਸਕੀਮ ਖਤਮ ਕਰਨਾ ਚਾਹੁੰਦੀ ਹੈ, ਜਿਸ ਤਹਿਤ ਇਸਦੇ ਬਜਟ 'ਚ ਕਟੌਤੀ ਕੀਤੀ ਜਾ ਰਹੀ ਅਤੇ ਇਸ ਨਿੱਜੀਕਰਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾਕਿ ਸਰਕਾਰ ਕੇਂਦਰ ਦੀ ਹੋਵੇ ਜਾਂ ਸੂਬੇ ਦੀ ਦੋਵੇਂ ਹੀ ਆਂਗਨਵਾੜੀ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਆਂਗਨਵਾੜੀ ਵਰਕਰਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਮੰਗਾਂ ਮੰਨਣਾ ਤਾਂ ਦੂਰ ਵਰਕਰਾਂ ਨਾਲ ਗੱਲਬਾਤ ਵੀ ਨਹੀਂ ਕੀਤੀ।
ਪੈਨਸ਼ਨ ਪੜਤਾਲ ਦੇ ਕੰਮ ਦਾ ਕੀਤਾ ਬਾਈਕਾਟ
ਸਮੂਹ ਆਂਗਨਵਾੜੀ ਵਰਕਰਾਂ ਨੇ ਪੈਨਸ਼ਨ ਪੜਤਾਲ ਦੇ ਕੰਮ ਦਾ ਬਾਈਕਾਟ ਕਰਦਿਆਂ ਕਿਹਾ ਕਿ ਜਦੋਂ ਪੈਨਸ਼ਨ ਲਾਈ ਜਾਂਦੀ ਹੈ ਤਾਂ ਉਮੀਦਵਾਰ ਦੇ ਯੋਗ ਅਤੇ ਅਯੋਗ ਦੀ ਪੜਤਾਲ ਕਰਦੇ ਸਮੇਂ ਵਰਕਰਾਂ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਤਾਂ ਫਿਰ ਜ਼ਬਰਦਸਤੀ ਰੀ-ਇਨਕੁਆਇਰੀ ਲਈ ਆਂਗਨਵਾੜੀ ਵਰਕਰਾਂ ਨੂੰ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਡੀ. ਸੀ. ਕੰਪਲੈਕਸ ਦੇ ਗੇਟ 'ਤੇ ਚੜ੍ਹੀਆਂ ਪ੍ਰਦਰਸ਼ਨਕਾਰੀ ਔਰਤਾਂ
ਪ੍ਰਦਰਸ਼ਨ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਪੁਲਸ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਆਂਗਨਵਾੜੀ ਵਰਕਰ ਪ੍ਰਦਰਸ਼ਨ ਦੌਰਾਨ ਡੀ.ਸੀ. ਦਫ਼ਤਰ 'ਚ ਦਾਖਲ ਹੋਣਾ ਚਾਹੁੰਦੀਆਂ ਸਨ ਪਰ ਪੁਲਸ ਨੇ ਕੰਪਲੈਕਸ ਦੇ ਗੇਟ ਬੰਦ ਕਰ ਦਿੱਤੇ ਅਤੇ ਮਹਿਲਾ ਪੁਲਸ ਕਰਮਚਾਰੀ ਮਾਨਵ ਰੋਕਾਂ ਬਣ ਅੱਗੇ ਖੜ੍ਹੀਆਂ ਹੋ ਗਈਆਂ, ਜਿਸ ਦੌਰਾਨ ਆਂਗਨਵਾੜੀ ਵਰਕਰਾਂ ਅਤੇ ਪੁਲਸ ਮੁਲਾਜ਼ਮਾਂ 'ਚ ਧੱਕਾ-ਮੁੱਕੀ ਹੋ ਗਈ। ਆਂਗਨਵਾੜੀ ਵਰਕਰਾਂ ਬੈਰੀਕੇਡ ਅਤੇ ਡੀ. ਸੀ. ਕੰਪਲੈਕਸ ਦੇ ਗੇਟ 'ਤੇ ਚੜ੍ਹ ਗਈਆਂ, ਜਿੱਥੋਂ ਪੁਲਸ ਕਰਮਚਾਰੀ ਉਨ੍ਹਾਂ ਨੂੰ ਉਤਾਰਦੇ ਰਹੇ। ਨਾਇਬ ਤਹਿਸੀਲਦਾਰ ਨੇ ਧਰਨਾਕਾਰੀਆਂ ਕੋਲ ਪਹੁੰਚ ਕੇ ਮੰਗ ਪੱਤਰ ਲਿਆ, ਜਿਸ ਤੋਂ ਬਾਅਦ ਧਰਨਾਕਾਰੀ ਸ਼ਾਂਤ ਹੋਏ।
ਕੌਣ ਸਨ ਹਾਜ਼ਰ
ਸਿੰਦਰ ਕੌਰ ਬੜੀ ਚੇਅਰਪਰਸਨ, ਰਣਜੀਤ ਕੌਰ ਚੰਨੋ ਕੈਸ਼ੀਅਰ, ਸਰਬਜੀਤ ਕੌਰ ਸੰਗਰੂਰ, ਮਨਦੀਪ ਕੁਮਾਰੀ, ਰਾਜਵਿੰਦਰ ਕੌਰ, ਜਸਵਿੰਦਰ ਕੌਰ ਨੀਲੋਵਾਲ, ਬਲਵਿੰਦਰ ਕੌਰ ਲਹਿਰਾ, ਜਸਵਿੰਦਰਾ ਰਾਣੀ, ਬਲਵਿੰਦਰ ਕੌਰ ਕਲੋਦੀ, ਸੁਨੀਤਾ ਧੂਰੀ, ਅਮਰਜੀਤ ਕੌਰ ਧਾਂਦਰਾ, ਪੁਸ਼ਪਾ ਰਾਣੀ, ਸਰੋਜ ਰਾਣੀ ਧੂਰੀ, ਛਤਰਪਾਲ ਕੌਰ ਭਵਾਨੀਗੜ੍ਹ, ਦਲਜੀਤ ਕੌਰ ਮਾਝੀ ਤੇ ਦਰਸ਼ਨਾ ਅੰਨਦਾਨਾ।


Related News