ਜੀ. ਐੱਸ. ਟੀ. ਦੇ ਵਿਰੋਧ ''ਚ ਕੱਪੜਾ ਵਪਾਰੀਆਂ ਵੱਲੋਂ ਜੀ. ਟੀ. ਰੋਡ ਜਾਮ
Thursday, Jul 06, 2017 - 11:49 PM (IST)
ਫ਼ਿਰੋਜ਼ਪੁਰ(ਕੁਮਾਰ)-ਪੰਜਾਬ ਕਲਾਥ ਮਰਚੈਂਟ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਫਿਰੋਜ਼ਪੁਰ ਸ਼ਹਿਰ ਤੇ ਛਾਉਣੀ ਦੇ ਕੱਪੜੇ ਦੀਆਂ ਸਾਰੀਆਂ ਰਿਟੇਲ ਤੇ ਹੋਲਸੇਲ ਦੀਆਂ ਦੁਕਾਨਾਂ 'ਤੇ ਲਾਗੂ ਕੀਤੇ ਜੀ. ਐੱਸ. ਟੀ. ਦੇ ਵਿਰੋਧ ਵਿਚ ਬੰਦ ਰਹੀਆਂ। ਕਲਾਥ ਮਾਰਚੈਂਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਪ੍ਰਧਾਨ ਬਲਦੇਵ ਕ੍ਰਿਸ਼ਨ ਅਰੋੜਾ, ਸੁਰੇਸ਼ ਕੁਮਾਰ ਗੋਲਟਾ ਤੇ ਰਾਜੇਸ਼ ਕੋਛੜ ਦੀ ਅਗਵਾਈ ਹੇਠ ਦੁਕਾਨਾਂ ਬੰਦ ਕਰਕੇ ਫਿਰੋਜ਼ਪੁਰ ਛਾਉਣੀ ਵਿਚ ਰੋਸ ਮਾਰਚ ਕੀਤਾ ਤੇ ਜੀ. ਟੀ. ਰੋਡ 'ਤੇ ਜਾਮ ਲਾ ਕੇ ਡੀ. ਸੀ. ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਰੋਸ ਪ੍ਰਗਟ ਕਰਦੇ ਸੁਭਾਸ਼ ਮਨਚੰਦਾ, ਯਸ਼ਪਾਲ ਸੁੰਗਦ, ਬਲਜੀਤ ਸਿੰਘ, ਅਨਿਲ ਆਨੰਦ ਤੇ ਹੋਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਇਆ ਗਿਆ ਜੀ. ਐੱਸ. ਟੀ. ਛੋਟੇ ਵੱਡੇ ਵਪਾਰੀਆਂ ਤੇ ਦੁਕਾਨਦਾਰਾਂ 'ਤੇ ਬਹੁਤ ਵੱਡਾ ਬੋਝ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਵਪਾਰੀ ਟੈਕਸ ਦੇਣ ਦੇ ਹੱਕ ਵਿਚ ਹੈ ਪਰ ਜੀ. ਐੱਸ. ਟੀ. ਦੇ ਵਿਰੋਧ ਵਿਚ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਕੇਂਦਰੀ ਵਿੱਤ ਮੰਤਰੀ ਤੋਂ ਮੰਗ ਕਰਦੇ ਕਿਹਾ ਕਿ ਸਰਲ ਤਰੀਕੇ ਨਾਲ ਘੱਟ ਟੈਕਸ ਲਾ ਕੇ ਜੀ. ਐੱਸ. ਟੀ. ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 90 ਫੀਸਦੀ ਦੁਕਾਨਦਾਰ ਕੰਪਿਊਟਰ ਦੇ ਬਾਰੇ ਜਾਣਕਾਰੀ ਨਹੀਂ ਰੱਖਦੇ ਤੇ ਉਹ 27-27 ਰਿਟਰਨਾਂ ਕਿਵਂੇ ਭਰ ਸਕਦੇ ਹਨ। ਉਨ੍ਹਾਂ ਨੇ ਫਸਟ ਪੁਆਇੰਟ 'ਤੇ ਸਰਲ ਟੈਕਸ ਲਾਉਣ ਦੀ ਮੰਗ ਕੀਤੀ ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਰਲ ਜੀ. ਐੱਸ. ਟੀ. ਲਾਗੂ ਕਰਨ ਦਾ ਜੋ ਵਾਅਦਾ ਕੀਤਾ ਸੀ, ਉਸਨੂੰ ਪੂਰਾ ਕਰੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਂ ਡੀ. ਸੀ. ਦੇ ਦਫਤਰ 'ਚ ਮੰਗ ਪੱਤਰ ਸੌਂਪਿਆ।
