ਸ਼ਾਂਤਮਈ ਰੋਸ ਧਰਨਾ ਦੇ ਰਹੇ ਲੋਕਾਂ ''ਤੇ ਲਾਠੀਚਾਰਜ

Sunday, Jul 02, 2017 - 01:47 AM (IST)

ਸ਼ਾਂਤਮਈ ਰੋਸ ਧਰਨਾ ਦੇ ਰਹੇ ਲੋਕਾਂ ''ਤੇ ਲਾਠੀਚਾਰਜ

ਮਾਨਸਾ(ਜੱਸਲ)-ਮਾਨਸਾ ਸ਼ਹਿਰ ਅੰਦਰ ਭਾਰੀ ਬਾਰਿਸ਼ ਦੇ ਪਾਣੀ ਭਰਨ ਸਦਕਾ ਦਲਿਤ ਬਸਤੀਆਂ 'ਚ ਹੋਏ ਨੁਕਸਾਨ ਪ੍ਰਤੀ ਪ੍ਰਸ਼ਾਸਨ ਵੱਲੋਂ ਕੋਈ ਰਾਹਤ ਨਾ ਦੇਣ ਦੇ ਵਿਰੋਧ 'ਚ ਇਨਕਲਾਬੀ ਨੌਜਵਾਨ ਸਭਾ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਅਗਵਾਈ 'ਚ ਤਿੰਨਕੋਨੀ ਮਾਨਸਾ ਕੋਲ ਸ਼ਾਂਤਮਈ ਰੋਸ ਧਰਨਾ ਦੇ ਰਹੇ ਲੋਕਾਂ 'ਤੇ ਸਿਵਲ ਵਰਦੀਆਂ 'ਚ ਆਏ ਪੁਲਸ ਮੁਲਾਜ਼ਮਾਂ ਵੱਲੋਂ ਹਮਲਾਵਰ ਰੁਖ ਅਪਣਾਉਂਦਿਆਂ ਜਥੇਬੰਦੀਆਂ ਦੇ ਆਗੂਆਂ ਨਾਲ ਧੱਕਾ-ਮੁੱਕੀ ਕੀਤੀ ਗਈ ਅਤੇ ਧਰਨਾਕਾਰੀ ਲੋਕਾਂ 'ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ 'ਚ ਜਥੇਬੰਦੀ ਦੀ ਨੇਤਾ ਜਸਵੀਰ ਕੌਰ ਨੱਤ ਸੱਟਾਂ ਲੱਗਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਅਤੇ ਹੋਰ ਕਈ ਜਣਿਆਂ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ।
ਇਸ ਮੌਕੇ ਦਲਿਤ ਬਸਤੀਆਂ ਦੇ ਲੋਕ ਪ੍ਰਸ਼ਾਸਨ ਤੋਂ ਰੋਸ ਧਰਨਾ ਦੇ ਕੇ ਫੌਰੀ ਤੌਰ 'ਤੇ ਘਰਾਂ 'ਚ ਪਾਣੀ ਕੱਢਣ ਦਾ ਪ੍ਰਬੰਧ ਕਰਨ, ਲੋਕਾਂ ਲਈ ਰਾਹਤ ਲਈ ਮੈਡੀਕਲ ਕੈਂਪ ਲਾਉਣ ਅਤੇ ਨੁਕਸਾਨੇ ਗਏ ਘਰਾਂ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ। ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਸੂਬਾ ਆਗੂ ਕਾ. ਰਾਜਵਿੰਦਰ ਸਿੰਘ ਰਾਣਾ ਅਤੇ ਕਾ. ਅਮਰੀਕ ਸਮਾਉਂ, ਇਨਕਲਾਬੀ ਨੌਜਵਾਨ ਸਭਾ ਦੇ ਆਗੂਆਂ ਵਿੰਦਰ ਔਲਖ, ਰਜਿੰਦਰ ਸਿੰਘ ਤੇ ਸੰਦੀਪ ਸਿੰਘ ਨੇ ਦੋਸ਼ ਲਾਇਆ ਕਿ ਇਸ ਮਾਮਲੇ 'ਚ ਜਥੇਬੰਦੀਆਂ ਦੀ ਅਗਵਾਈ 'ਚ ਦਲਿਤ ਬਸਤੀਆਂ ਦੇ ਲੋਕਾਂ ਦੀ ਡੀ. ਸੀ., ਮਾਨਸਾ ਨਾਲ ਬੈਠਕ ਹੋਈ ਸੀ, ਜਿਸ 'ਚ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਸੀ ਪਰ ਐੱਸ. ਡੀ. ਐੱਮ. ਮਾਨਸਾ ਨੇ ਲੋਕਾਂ ਨਾਲ ਹਮਦਰਦੀ ਕਰਨ ਦੀ ਬਜਾਏ ਦੁਰ-ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ, ਜਿਸ 'ਤੇ ਲੋਕ ਦੁਖੀ ਹੋ ਕੇ ਡੀ. ਸੀ. , ਮਾਨਸਾ ਨੂੰ ਮਿਲਣ ਲਈ ਜਾ ਰਹੇ ਸਨ ਤਾਂ ਅਚਾਨਕ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਲੋਕਾਂ 'ਤੇ ਲਾਠੀ ਚਾਰਜ ਕਰ ਕੇ ਪੁਲਸ ਨੇ ਕੈਪਟਨ ਸਰਕਾਰ ਦੇ ਮੂੰਹ ਤੋਂ ਲੋਕਪੱਖੀ ਨਕਾਬ ਉਤਾਰ ਦਿੱਤਾ। ਉਨ੍ਹਾਂ ਇਸ ਲਾਠੀਚਾਰਜ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਇਨਸਾਫ ਮਿਲਣ ਦੀ ਆਸ ਨਹੀਂ ਰਹੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਰਿਸ਼ ਤੋਂ ਪ੍ਰਭਾਵਿਤ ਲੋਕਾਂ ਨੂੰ ਇਨਸਾਫ ਨਾ ਮਿਲਿਆ ਅਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਉਲੀਕਣ ਲਈ ਮਜਬੂਰ ਹੋਣਗੀਆਂ।
ਇਸ ਮੌਕੇ ਆਇਸਾ ਦੇ ਆਗੂ ਪ੍ਰਦੀਪ ਗੁਰੂ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਰਾਣੀ ਕੌਰ, ਅੰਤੀ ਕੌਰ, ਜਸਵਿੰਦਰ ਕੌਰ, ਸੁਖਪਾਲ ਕੌਰ ਆਦਿ ਨੇ ਲਾਠੀਚਾਰਜ ਦਾ ਸਖਤ ਸ਼ਬਦਾਂ 'ਚ ਵਿਰੋਧ ਕੀਤਾ ਹੈ।


Related News